MP Amritpal Singh : ਰੱਦ ਹੋ ਜਾਵੇਗੀ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਸਾਂਸਦੀ ? ਸਿਰਫ਼ 6 ਦਿਨ ਬਾਕੀ, ਜਾਣੋ ਕੀ ਹੈ ਕਾਰਨ
MP Amritpal Singh : ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਸਾਂਸਦੀ ਖਤਰੇ 'ਚ ਪੈਂਦੀ ਨਜ਼ਰ ਆ ਰਹੀ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਲੋਕ ਸਭਾ ਸੈਸ਼ਨ 'ਚ ਸ਼ਾਮਲ ਹੋਣ ਹੋਣ ਲਈ ਦਾਖਲ ਕੀਤੀ ਪਟੀਸ਼ਨ 'ਤੇ ਸੁਣਵਾਈ ਮੰਗਲਵਾਰ ਤੱਕ ਲਈ ਮੁਅੱਤਲ ਕਰ ਦਿੱਤੀ ਹੈ।
ਦੱਸ ਦਈਏ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਲੋਕ ਸਭਾ ਸੈਸ਼ਨ (Lok Sabha Session) ਵਿੱਚ ਸ਼ਾਮਲ ਹੋਣ ਦੀ ਇਜ਼ਾਜਤ ਮੰਗੀ ਹੈ। ਸਾਂਸਦ ਨੇ ਕਿਹਾ ਹੈ ਕਿ ਅਰਜ਼ੀ 'ਚ ਹਾਈਕੋਰਟ ਨੂੰ ਕਿਹਾ ਹੈ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ 'ਚ ਸ਼ਾਮਲ ਨਹੀਂ ਹੁੰਦੇ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ।
ਹਾਈਕੋਰਟ 'ਚ ਸੁਣਵਾਈ ਦੌਰਾਨ ਕੀ ਹੋਇਆ ?
ਹਾਈਕੋਰਟ ਵਿੱਚ ਅੱਜ ਸੁਣਵਾਈ ਦੌਰਾਨ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ, ਜਿਸ 'ਤੇ ਮੁੱਖ ਜੱਜ ਨੇ ਕਿਹਾ ਕਿ ਹੁਣ ਤਾਂ ਸੈਸ਼ਨ ਹੀ ਖਤਮ ਹੋ ਚੁੱਕਿਆ ਹੈ। ਇਸ 'ਤੇ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਜੇ ਕਮੇਟੀਆਂ ਬਣਾਈਆਂ ਗਈਆਂ ਹਨ, 10 ਮਾਰਚ ਨੂੰ ਮੁੜ ਤੋਂ ਸੈਸ਼ਨ ਸ਼ੁਰੂ ਹੋਵੇਗਾ।
ਉਧਰ, ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਵੀ ਹਾਈਕੋਰਟ ਨੂੰ ਦੱਸਿਆ ਕਿ ਉਹ ਲਗਾਤਾਰ 46 ਦਿਨ ਤੋਂ ਲੋਕ ਸਭਾ ਸੈਸ਼ਨ ਵਿਚੋਂ ਗ਼ੈਰ ਹਾਜ਼ਰ ਹਨ ਅਤੇ ਜੇਕਰ 60 ਦਿਨ ਲਗਾਤਾਰ ਗ਼ੈਰ-ਹਾਜਰ਼ ਰਹੇ ਤਾਂ ਸੀਟ ਖਾਲੀ ਮੰਨ ਲਈ ਜਾਵੇਗੀ।
ਵਕੀਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅਤੇ ਜੇਲ੍ਹ ਵਿੱਚ ਉਨ੍ਹਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ ਹੈ।
ਇਸ 'ਤੇ ਹਾਈਕੋਰਟ ਨੇ ਪੁੱਛਿਆ ਕਿ ਹੁਣ ਉਨ੍ਹਾਂ ਕੋਲ ਕਿੰਨੇ ਦਿਨ ਬਚੇ ਹਨ ਤਾਂ ਵਕੀਲ ਨੇ ਦੱਸਿਆ ਕਿ ਸਿਰਫ਼ 6 ਦਿਨ ਬਾਕੀ ਹਨ। ਇਸ ਪਿੱਛੋਂ ਹਾਈਕੋਰਟ ਨੇ ਸੁਣਵਾਈ ਮੰਗਲਵਾਰ ਤੱਕ ਲਈ ਮੁਅੱਤਲ ਕਰ ਦਿੱਤੀ ਹੈ।
ਹਾਈ ਕੋਰਟ ਨੇ ਪੁੱਛਿਆ ਹੈ ਕਿ ਕੀ ਲੋਕ ਸਭਾ ਦੀ ਕਮੇਟੀ, ਜੋ ਇਹ ਮੰਨਦੀ ਹੈ ਕਿ ਜੇਕਰ ਕੋਈ 60 ਦਿਨਾਂ ਤੱਕ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਖਤਮ ਹੋ ਸਕਦੀ ਹੈ, ਇਸ ਸਮੇਂ ਮੌਜੂਦ ਹੈ ਜਾਂ ਨਹੀਂ ਅਤੇ ਜੇਕਰ ਅਜਿਹਾ ਹੈ ਤਾਂ ਅੰਮ੍ਰਿਤਪਾਲ ਦੇ ਮਾਮਲੇ 'ਚ ਉਸ ਨੇ ਕੀ ਕੀਤਾ ਹੈ, ਇਸ ਦੀ ਜਾਣਕਾਰੀ ਮੰਗਲਵਾਰ ਨੂੰ ਦੇਣੀ ਹੋਵੇਗੀ।
''ਲੋਕ ਸਭਾ 'ਚੋਂ 46 ਦਿਨ ਤੋਂ ਹਨ ਲਗਾਤਾਰ ਗ਼ੈਰ-ਹਾਜ਼ਰ''
ਅੰਮ੍ਰਿਤਪਾਲ ਸਿੰਘ ਨੇ ਵਕੀਲ ਰਾਹੀਂ ਹਾਈਕੋਰਟ 'ਚ ਦਾਖਲ ਪਟੀਸ਼ਨ ਵਿੱਚ ਕਿਹਾ ਹੈ ਕਿ ਲੋਕ ਸਭਾ ਸਕੱਤਰ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਹੁਣ ਤੱਕ 46 ਦਿਨਾਂ ਤੋਂ ਲੋਕ ਸਭਾ ਤੋਂ ਗੈਰ-ਹਾਜ਼ਰ ਹਨ। ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ 'ਚ ਸ਼ਾਮਲ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ।
ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਾਂਸਦ ਅੰਮ੍ਰਿਤਪਾਲ ਸਿੰਘ, ਲੋਕ ਸਭਾ ਸੈਸ਼ਨ ਵਿੱਚ ਪਹਿਲਾਂ 24 ਜੂਨ ਤੋਂ 2 ਜੁਲਾਈ ਤੱਕ, ਫਿਰ 22 ਜੁਲਾਈ ਤੋਂ 9 ਅਗਸਤ ਦਰਮਿਆਨ 19 ਦਿਨਾਂ ਲਈ ਅਤੇ ਉਸ ਤੋਂ ਬਾਅਦ 25 ਨਵੰਬਰ ਤੋਂ 12 ਦਸੰਬਰ ਤੱਕ 18 ਦਿਨ ਗੈਰ-ਹਾਜ਼ਰ ਰਹੇ ਹਨ।
- PTC NEWS