Muktsar News : ਜੁੜਵਾ ਨਹਿਰਾਂ ’ਤੇ ਪੁੱਲ ਬਣਾਉਣ ਨੂੰ ਲੈ ਕੇ ਕਿਸਾਨਾਂ ਨੇ ਵੜਿੰਗ ਟੋਲ ਪਲਾਜ਼ਾ ਕੀਤਾ ਬੰਦ
Muktsar News : ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਉੱਤੇ ਸਥਿਤ ਵੜਿੰਗ ਟੋਲ ਪਲਾਜ਼ਾ ਇੱਕ ਵਾਰ ਫਿਰ ਕਿਸਾਨਾਂ ਦੇ ਗੁੱਸੇ ਦਾ ਕੇਂਦਰ ਬਣ ਗਿਆ ਹੈ। ਸਿੱਧੂਪੁਰ ਏਕਤਾ ਕਿਸਾਨ ਯੂਨੀਅਨ ਨੇ ਇਸ ਟੋਲ ਪਲਾਜ਼ੇ ਨੂੰ ਅੱਜ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਹ ਲੜਾਈ ਕਈ ਦਿਨਾਂ ਤੋਂ ਚੱਲ ਰਹੀ ਹੈ ਕਿਉਂਕਿ ਟੋਲ ਪਲਾਜ਼ਾ ਦੀਆਂ ਸ਼ਰਤਾਂ ਦੇ ਅਨੁਸਾਰ ਜੁੜਵਾ ਨਹਿਰਾਂ ’ਤੇ ਪੁੱਲ ਬਣਾਉਣੇ ਲਾਜ਼ਮੀ ਹਨ ਪਰ ਕਈ ਸਾਲਾਂ ਤੋਂ ਇਹ ਕੰਮ ਅਧੂਰਾ ਪਿਆ ਹੈ। ਉਹਨਾਂ ਨੇ ਯਾਦ ਦਵਾਇਆ ਕਿ ਕੁਝ ਸਾਲ ਪਹਿਲਾਂ ਇਥੇ ਇਕ ਵੱਡਾ ਹਾਦਸਾ ਹੋਇਆ ਸੀ ਜਦੋਂ ਬੱਸ ਨਹਿਰ ਵਿੱਚ ਡਿੱਗਣ ਨਾਲ 13 ਜਾਨਾਂ ਗਵਾਣੀਆਂ ਗਈਆਂ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਥੇ ਧਰਨੇ ਦਿੱਤੇ ਸਨ ਪਰ ਹਮੇਸ਼ਾਂ ਟੋਲ ਪਲਾਜ਼ਾ ਪ੍ਰਬੰਧਕਾਂ ਵੱਲੋਂ ਸਿਰਫ਼ ਦਾਅਵੇ ਕੀਤੇ ਗਏ ਤੇ ਕੰਮ ਸ਼ੁਰੂ ਨਾ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵਿੱਚ ਟਕਰਾਅ ਦੀ ਸਥਿਤੀ ਬਣ ਗਈ ਸੀ ਕਿਉਂਕਿ ਪਿੰਡ ਦੇ ਨੌਜਵਾਨ ਇਸ ਟੋਲ ਪਲਾਜ਼ੇ ’ਤੇ ਕੰਮ ਕਰਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਰੋਜ਼ਗਾਰ ਖ਼ਤਮ ਹੋ ਰਿਹਾ ਹੈ। ਉਸ ਵੇਲੇ ਪ੍ਰਸ਼ਾਸਨ ਨੇ ਵਿਚਕਾਰ ਆ ਕੇ ਮਾਮਲੇ ਨੂੰ ਟਾਲਣ ਲਈ ਮੀਟਿੰਗ ਦਾ ਸਮਾਂ ਦਿੱਤਾ ਸੀ ਅਤੇ 27 ਤਰੀਖ਼ ਤੱਕ ਮੌਕਾ ਮੰਗਿਆ ਸੀ ਪਰ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਨੇ ਅੱਜ ਇੱਕ ਵਾਰ ਫਿਰ ਟੋਲ ਬੰਦ ਕਰ ਦਿੱਤਾ ਅਤੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਪੁੱਲ ਬਣਾਉਣ ਦਾ ਕੰਮ ਪੂਰਾ ਨਹੀਂ ਹੁੰਦਾ, ਟੋਲ ਨਹੀਂ ਚੱਲਣ ਦਿੱਤਾ ਜਾਵੇਗਾ।
ਉਹਨਾਂ ਨੇ ਦਲੀਲ ਦਿੱਤੀ ਕਿ ਸੜਕਾਂ ਚੌੜੀਆਂ ਹੋਣ ਦੇ ਬਾਵਜੂਦ ਪੁਲ ਨਾ ਹੋਣ ਕਰਕੇ ਹਾਦਸਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਵਾਰ ਮੀਟਿੰਗਾਂ ਹੋਈਆਂ ਪਰ ਹਰ ਵਾਰ ਟੋਲ ਪਲਾਜ਼ਾ ਕੰਪਨੀ ਵੱਲੋਂ ਸਿਰਫ਼ ਝੂਠੇ ਵਾਅਦੇ ਕੀਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਟੋਲ ਸਿਆਸੀ ਸਹਿ 'ਤੇ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟੋਲ ਬੰਦ ਕਰਨ ਦੇ ਦਾਅਵੇ ਕੀਤੇ ਗਏ ਸੀ ਪਰ ਉਹ ਦਾਅਵੇ ਖੋਖਲੇ ਨਜ਼ਰ ਆਏ।
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ 'ਤੇ ਉਹਨਾਂ ਦੇ ਮੁਕਤਸਰ ਜ਼ਿਲ੍ਹੇ ਦੇ 2 ਮੰਤਰੀ ਹੀ ਲੋਕਾਂ ਦੀ ਲੁੱਟ ਕਰਾ ਰਹੇ ਹਨ। ਉਨਾਂ ਨੇ ਕਿਹਾ ਕਿ ਸਾਰੇ ਟੋਲ ਪਲਾਜਿਆਂ 'ਤੇ ਫਾਸਟ ਟੈਗ ਲੱਗੇ ਹੋਏ ਹਨ ਪਰ ਇਸ ਟੋਲ 'ਤੇ ਫਾਸਟ ਟੈਗ ਨਹੀਂ ਲੱਗਿਆ ਹੋਇਆ ਤੇ ਨਾ ਹੀ ਕੋਈ ਸ਼ਰਤ ਪੂਰੀਆਂ ਕਰ ਰਿਹਾ ਹੈ। ਫਿਰ ਵੀ ਇਹ ਟੋਲ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਸਿਆਸੀ ਸਹਿ 'ਤੇ ਚੱਲ ਰਿਹਾ ਹੈ ਤੇ ਲੋਕਾਂ ਦੀ ਲੁੱਟ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿੰਨਾ ਟਾਈਮ ਇਹ ਪੁਲ ਜਾਂ ਹੋਰ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਟਾਈਮ ਇਹ ਧਰਨਾ ਖਤਮ ਨਹੀਂ ਕੀਤਾ ਜਾਵੇਗਾ।
ਉੱਥੇ ਹੀ ਟੋਲ ਪਲਾਜ਼ਾ ਦੇ ਮੈਨੇਜਰ ਨੇ ਕਿਹਾ ਕਿ ਪੁੱਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ ,ਜੋ ਕਿ ਬਹੁਤ ਹੀ ਜਲਦ ਇਹ ਪੁੱਲ ਬਣਾ ਦੇਵੇਗੀ। ਉਹਨਾਂ ਨੇ ਕਿਹਾ ਕਿ ਪਹਿਲਾਂ ਡਕਾਉਂਦਾ ਕਿਸਾਨ ਜਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ ਸੀ ਤੇ ਉਹਨਾਂ ਦੇ ਨਾਲ ਸਾਡਾ ਲਿਖਤੀ ਸਮਝੌਤਾ ਹੋਇਆ ਸੀ ਤੇ ਉਨਾਂ ਨਾਲ ਕੱਲ ਨੂੰ ਸਾਡੀ ਪ੍ਰਸ਼ਾਸਨ ਦੇ ਜਰੀਏ ਮੀਟਿੰਗ ਵੀ ਰੱਖੀ ਗਈ ਹੈ। ਉਹਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਜੇਕਰ ਪੁੱਲ ਦੀ ਮੰਗ ਹੈ ਤਾਂ ਪੁੱਲ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਇੱਕ ਸਾਲ ਦੇ ਕਰੀਬ ਇਹ ਪੁੱਲ ਤਿਆਰ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਾਡੇ ਨਾਲ ਮੀਟਿੰਗ ਕਰਦੀ ਹੈ ਤਾਂ ਅਸੀਂ ਮੀਟਿੰਗ ਦੇ ਲਈ ਤਿਆਰ ਹਾਂ।
- PTC NEWS