Muktsar News : CBI ਅਧਿਕਾਰੀ ਦੱਸ ਕੇ ਮਹਿਲਾ ਨਾਲ ਮਾਰੀ ਕਰੋੜਾਂ ਰੁਪਏ ਦੀ ਠੱਗੀ ,ਸਾਈਬਰ ਕ੍ਰਾਈਮ 'ਚ ਪਰਚਾ ਦਰਜ
Muktsar News : ਸ੍ਰੀ ਮੁਕਤਸਰ ਸਾਹਿਬ ਦੀ ਇਕ ਮਹਿਲਾ ਨਾਲ ਅਨੋਖੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਜਿਸ ਨੂੰ ਰਾਖੀ ਜਾਂ ਇਨਸਾਫ਼ ਦੇ ਪਹਿਰੇਦਾਰ ਸਮਝਦੇ ਹੋ, ਜਦੋਂ ਉਹੀ ਠੱਗ ਬਣ ਜਾਣ ਤਾਂ ਵਿਸ਼ਵਾਸ ਵੀ ਡੋਲ ਜਾਂਦਾ ਹੈ। ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਠੱਗਾਂ ਨੇ ਮਹਿਲਾ ਨੂੰ ਮਨੋਵਿਗਿਆਨਿਕ ਦਬਾਅ ਰਾਹੀਂ ਫਸਾ ਕੇ 1 ਕਰੋੜ 27 ਲੱਖ ਰੁਪਏ ਠੱਗ ਲਏ ਹਨ। ਠੱਗੀ ਦੀ ਇਹ ਕਹਾਣੀ ਡਰ, ਧਮਕੀ ਅਤੇ ਝੂਠੇ ਕੇਸਾਂ ਦੇ ਜਾਲ ਰਾਹੀਂ ਅੰਜਾਮ ਦਿੱਤੀ ਗਈ।
ਮੁਕਤਸਰ ਦੀ ਬਾਵਾ ਕਾਲੋਨੀ ਦੀ ਰਹਿਣ ਵਾਲੀ ਕੁਸੁਮ ਦੂਮੜਾ ਨਾਮਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 22 ਜੂਨ 2025 ਨੂੰ ਉਸ ਦੇ ਮੋਬਾਈਲ 'ਤੇ ਇਕ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਮਹਿਲਾ ਦੇ ਨਾਂ 'ਤੇ ਨੰਬਰ ਮੁੰਬਈ ਵਿਚ ਰਜਿਸਟਰਡ ਹੈ, ਜਿਸ ਰਾਹੀਂ ਅਸ਼ਲੀਲ ਵੀਡੀਓ ਅਤੇ ਮੈਸੇਜ ਭੇਜੇ ਜਾ ਰਹੇ ਹਨ।
ਠੱਗ ਨੇ ਦਾਅਵਾ ਕੀਤਾ ਕਿ ਮਹਿਲਾ ਖਿਲਾਫ਼ ਮੁੰਬਈ 'ਚ ਮਨੀ ਲੌਂਡਰਿੰਗ ਸਮੇਤ 27 ਮੁਕੱਦਮੇ ਦਰਜ ਹਨ। ਉਸ ਨੇ ਇਹ ਵੀ ਕਿਹਾ ਕਿ ਸ਼ਿਕਾਇਤ ਨੰਬਰ MH5621/0225 ਤਹਿਤ ਮਹਿਲਾ ਨੂੰ ਮੁੰਬਈ ਪੁਲਿਸ ਅਤੇ ਸੀਬੀਆਈ ਰਾਹੀਂ ਫੜਿਆ ਜਾ ਸਕਦਾ ਹੈ। ਮਹਿਲਾ ਨੂੰ ਵੀਡੀਓ ਕਾਲ ਰਾਹੀਂ ਡਰਾ ਕੇ ਇਹ ਤੱਕ ਕਿਹਾ ਗਿਆ ਕਿ ਜੇ ਕਿਸੇ ਨੂੰ ਦੱਸਿਆ ਜਾਂ ਘਰ ਤੋਂ ਬਾਹਰ ਗਈ ਤਾਂ ਪੂਰੇ ਪਰਿਵਾਰ ਨੂੰ ਕੇਸ ਵਿੱਚ ਸ਼ਾਮਲ ਕਰ ਲਿਆ ਜਾਵੇਗਾ।
ਕਈ ਵਾਰੀ ਵੱਖ-ਵੱਖ ਨੰਬਰਾਂ ਤੋਂ ਕਾਲਾਂ ਕਰਕੇ ਠੱਗ ਨੇ ਮਹਿਲਾ ਨੂੰ ਡਰਾਊਣ ਅਤੇ ਦਬਾਅ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਓਹਨਾਂ ਨੇ ਮਹਿਲਾ ਨੂੰ ਆਗਿਆ ਦਿੱਤੀ ਕਿ ਉਹ ਆਪਣਾ ਪੈਸਾ ਆਪਣੇ ਹੀ ਨਾਂ 'ਤੇ ਬਣੇ ਹੋਏ ਫਰਜ਼ੀ ਖਾਤਿਆਂ ਵਿੱਚ ਟਰਾਂਸਫਰ ਕਰੇ ਤਾਂ ਜੋ ਉਨ੍ਹਾਂ ਦੀ ਜਾਂਚ ਹੋ ਸਕੇ। ਮਹਿਲਾ ਨੇ ਇਹ ਵਿਸ਼ਵਾਸ ਕਰਕੇ 23 ਜੂਨ ਤੋਂ 27 ਜੂਨ ਤੱਕ ਵੱਖ ਵੱਖ ਵਾਰੀ ਕਰਕੇ ₹1,27,50,000 ਰੁਪਏ ਠੱਗ ਵੱਲੋਂ ਦਿੱਤੇ ਗਏ ਖਾਤਾ ਨੰਬਰ XXXXXXXX1762 ਤੇ ਭੇਜ ਦਿੱਤੇ।
ਜਦੋਂ ਮਹਿਲਾ ਨੂੰ ਸ਼ੱਕ ਹੋਇਆ ਤਾਂ ਉਸ ਨੇ ਅਸਲ ਗੱਲ ਦੀ ਪੁਸ਼ਟੀ ਲਈ ਪੁਲਿਸ ਦੀ ਸਹਾਇਤਾ ਲਈ ਅਰਜ਼ੀ ਦਿੱਤੀ। ਹੁਣ ਮੁਕਤਸਰ ਦੀ ਸਾਈਬਰ ਅਪਰਾਧ ਥਾਣੇ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ IPC ਦੀਆਂ ਵੱਖ-ਵੱਖ ਧਾਰਾਵਾਂ, ਆਈਟੀ ਐਕਟ ਅਤੇ ਠੱਗੀ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਸਾਈਬਰ ਸੈੱਲ ਮੁਤਾਬਕ ਇਹ ਮਾਮਲਾ ਬਹੁਤ ਵੱਡੀ ਠੱਗੀ ਦੀ ਸਾਜ਼ਿਸ਼ ਹੈ। ਜਿਸ ਵਿੱਚ ਵਿਦੇਸ਼ੀ ਨੰਬਰਾਂ ਅਤੇ ਡਰਾਉਣੀ ਮਾਨਸਿਕ ਦਬਾਅ ਰਾਹੀਂ ਮਹਿਲਾ ਨੂੰ ਫਸਾਇਆ ਗਿਆ। ਵਿਡੀਓ ਕਾਲ, ਫਰਜ਼ੀ ਦਸਤਾਵੇਜ਼, ਅਸਲੀਅਤ ਵਰਗੀ ਬੋਲਚਾਲ, ਅਤੇ ਪਰਿਵਾਰ ਨੂੰ ਕੇਸ ਵਿੱਚ ਫਸਾਉਣ ਦੀ ਚੇਤਾਵਨੀ ਦੇ ਕੇ ਪੂਰੀ ਰਕਮ ਹਥਿਆਈ ਗਈ।
- PTC NEWS