Farmer Death - ਨਾਭਾ 'ਚ ਨੌਜਵਾਨ ਕਿਸਾਨ ਨੇ ਗੋਲੀ ਮਾਰ ਕੇ ਜੀਵਨਲੀਲ੍ਹਾ ਕੀਤੀ ਸਮਾਪਤ, ਆੜ੍ਹਤੀਏ ਖਿਲਾਫ਼ ਕੇਸ ਦਰਜ, ਜਾਣੋ ਮਾਮਲਾ
Farmer Death in Nabha - ਨਾਭਾ ਦੇ ਪਿੰਡ ਅੱਚਲ ਦੇ 33 ਸਾਲਾਂ ਕਿਸਾਨ ਅਮਰਿੰਦਰ ਸਿੰਘ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆਂ ਕਰ ਲਈ। ਮਾਮਲਾ ਆੜ੍ਹਤੀਏ ਨਾਲ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮਾਲਵਾ ਟਰੇਡਰਸ ਆੜ੍ਹਤੀਏ (Malwa Traders) ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਦਾ ਆੜ੍ਹਤੀਏ ਸੰਦੀਪ ਕੁਮਾਰ ਅਤੇ ਉਸਦੇ ਭਰਾ ਨਾਲ ਕੋਈ ਲੈਣ-ਦੇਣ ਨੂੰ ਲੈ ਕੇ ਰੌਲਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੇ ਮੁੰਡੇ ਨੂੰ ਬੁਰਾ ਬੋਲਿਆ ਬੋਲਿਆ, ਜਿਸ ਤੋਂ ਤੰਗ ਆ ਕੇ ਅਮਰਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਅਮਰਿੰਦਰ ਸਿੰਘ ਦੇ ਪਿਤਾ ਦੀ ਇੱਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ
ਪਿਛਲੇ ਸਾਲ ਹੋਇਆ ਸੀ ਨੌਜਵਾਨ ਦਾ ਵਿਆਹ
ਅਮਰਿੰਦਰ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ, ਜਿਸ ਕੋਲ ਅਜੇ ਬੱਚਾ ਹੋਣਾ ਸੀ। ਥਾਣਾ ਸਦਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਮ੍ਰਿਤਕ ਦੇ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਲਵਾ ਟਰੇਡਰ ਦੇ ਦੋਵੇਂ ਆੜ੍ਹਤੀਆਂ ਦੇ ਖਿਲਾਫ ਖੁਦਕੁਸ਼ੀ ਲਈ ਉਕਸਾ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਦੇ ਦਾਦਾ ਅਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਮਾਲਵਾ ਟਰੇਡਰਸ ਦੇ ਆੜ੍ਹਤੀਏ ਦਾ ਮ੍ਰਿਤਕ ਅਮਰਿੰਦਰ ਸਿੰਘ ਦੇ ਪਿਤਾ ਨਾਲ ਕੋਈ ਲੈਣ-ਦੇਣ ਨੂੰ ਝਗੜਾ ਸੀ, ਜਿਸ ਨੂੰ ਨਿਬੇੜਨ ਵਾਸਤੇ ਕਈ ਵਾਰ ਕਿਹਾ ਗਿਆ ਪਰ ਉਕਤ ਆੜ੍ਹਤੀਏ ਵੱਲੋਂ ਦੁਬਾਰਾ ਤੰਗ ਪਰੇਸ਼ਾਨ ਕੀਤਾ ਗਿਆ, ਜਿਸ ਤੋਂ ਤੰਗ ਆ ਕੇ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪਰਿਵਾਰ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਰਾਓ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੈਸਿਆਂ ਨੂੰ ਲੈ ਕੇ ਆੜ੍ਹਤੀਆ ਅਤੇ ਮ੍ਰਿਤਕ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਰੌਲਾ ਸੀ, ਜਿਸ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਆੜ੍ਹਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
- PTC NEWS