Sat, Jul 4, 2026
Whatsapp

ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ

Avtar Singh Tari murder case: ਕੇਂਦਰੀ ਜਾਂਚ ਬਿਊਰੋ (CBI) ਦੀ ਵਿਸ਼ੇਸ਼ ਅਪਰਾਧ ਸ਼ਾਖਾ (SCB) ਨੇ ਕਰੀਬ 16 ਸਾਲ ਪੁਰਾਣੇ ਹਾਈ-ਪ੍ਰੋਫਾਈਲ ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ ਦੇ ਮੁਲਜ਼ਮ ਦਾ ਸਕੈਚ ਜਾਰੀ ਕੀਤਾ ਹੈ

Reported by:  PTC News Desk  Edited by:  Amritpal Singh -- July 04th 2026 01:53 PM
ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ

ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ

Avtar Singh Tari murder case: ਕੇਂਦਰੀ ਜਾਂਚ ਬਿਊਰੋ (CBI) ਦੀ ਵਿਸ਼ੇਸ਼ ਅਪਰਾਧ ਸ਼ਾਖਾ (SCB) ਨੇ ਕਰੀਬ 16 ਸਾਲ ਪੁਰਾਣੇ ਹਾਈ-ਪ੍ਰੋਫਾਈਲ ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ ਦੇ ਮੁਲਜ਼ਮ ਦਾ ਸਕੈਚ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਕਾਤਲ ਬਾਰੇ ਭਰੋਸੇਯੋਗ ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਲਈ 2 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ। ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਆਗੂ ਅਵਤਾਰ ਸਿੰਘ ਤਾਰੀ ਦਾ 12 ਅਪਰੈਲ 2011 ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜੋ ਪਿਛਲੇ ਡੇਢ ਦਹਾਕੇ ਤੋਂ ਇੱਕ ਅਣਸੁਲਝੀ ਪਹੇਲੀ ਬਣਿਆ ਹੋਇਆ ਹੈ।


2 ਲੱਖ ਰੁਪਏ ਦਾ ਰੱਖਿਆ ਇਨਾਮ

ਸੀ.ਬੀ.ਆਈ. ਵੱਲੋਂ ਜਾਰੀ ਸਰਕਾਰੀ ਬਿਆਨ ਮੁਤਾਬਕ, ਚੰਡੀਗੜ੍ਹ ਵਿਖੇ ਵਿਸ਼ੇਸ਼ ਅਪਰਾਧ ਸ਼ਾਖਾ ਨੇ 1 ਜਨਵਰੀ 2017 ਨੂੰ ਇਸ ਸਬੰਧੀ ਕੇਸ ਨੰਬਰ RC 05120 1750004 ਦਰਜ ਕਰਕੇ ਜਾਂਚ ਆਪਣੇ ਹੱਥਾਂ ਵਿੱਚ ਲਈ ਸੀ। ਹੁਣ ਜਾਂਚ ਨੂੰ ਅੱਗੇ ਵਧਾਉਂਦਿਆਂ ਏਜੰਸੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜਾਂ ਇਸ ਅੰਨ੍ਹੇ ਕਤਲਕਾਂਡ ਦੀ ਗੁੱਥੀ ਸੁਲਝਾਉਣ ਵਿੱਚ ਮਦਦਗਾਰ ਠੋਸ ਜਾਣਕਾਰੀ ਦੇਵੇਗਾ, ਉਸ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਵੀ ਸੁਰਾਗ ਹੋਵੇ ਤਾਂ ਉਹ ਸੈਕਟਰ 30-ਏ, ਚੰਡੀਗੜ੍ਹ ਸਥਿਤ ਸੀ.ਬੀ.ਆਈ. ਦਫ਼ਤਰ ਵਿਖੇ ਜਾਂ ਜਾਂਚ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

ਗੌਰਤਲਬ ਹੈ ਕਿ 57 ਸਾਲਾ ਸੀਨੀਅਰ ਨਾਮਧਾਰੀ ਆਗੂ ਅਵਤਾਰ ਸਿੰਘ, ਜੋ ਮੋਹਾਲੀ ਦੇ ਰਹਿਣ ਵਾਲੇ ਸਨ, ਨੂੰ ਲੁਧਿਆਣਾ ਦੇ ਭੈਣੀ ਸਾਹਿਬ ਤੋਂ ਕਰੀਬ 20 ਕਿਲੋਮੀਟਰ ਦੂਰ ਕਟਾਣੀ ਕਲਾਂ ਪਿੰਡ ਨੇੜੇ ਨਿਸ਼ਾਨਾ ਬਣਾਇਆ ਗਿਆ ਸੀ। ਹਮਲਾਵਰਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਵਰਗੇ ਰੁੱਝੇ ਹੋਏ ਮਾਰਗ ’ਤੇ ਏ.ਕੇ.-47 ਰਾਈਫਲ ਨਾਲ ਅਵਤਾਰ ਸਿੰਘ ਦੇ ਸਰੀਰ ਵਿੱਚ 11 ਗੋਲੀਆਂ ਲੰਘਾ ਦਿੱਤੀਆਂ ਸਨ ਅਤੇ ਵਾਰਦਾਤ ਤੋਂ ਬਾਅਦ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ ਸਨ। ਉਸ ਵੇਲੇ ਪੁਲੀਸ ਨੇ ਇਸ ਹੱਤਿਆ ਨੂੰ ਨਾਮਧਾਰੀ ਸੰਪਰਦਾ ਦੀ ਗੱਦੀ ਦੀ ਜਾਨਸ਼ੀਨੀ ਨੂੰ ਲੈ ਕੇ ਚੱਲ ਰਹੀ ਧੜੇਬੰਦੀ ਨਾਲ ਜੋੜਿਆ ਸੀ। ਨਾਮਧਾਰੀ ਸੰਪਰਦਾ (ਕੂਕਾ ਲਹਿਰ) ਦਾ ਮੁੱਖ ਹੈੱਡਕੁਆਰਟਰ ਲੁਧਿਆਣਾ ਨੇੜੇ ਭੈਣੀ ਸਾਹਿਬ ਵਿਖੇ ਹੈ। ਤਤਕਾਲੀ ਅਧਿਆਤਮਕ ਮੁਖੀ ਸਤਿਗੁਰੂ ਜਗਜੀਤ ਸਿੰਘ (91) ਤੋਂ ਬਾਅਦ ਉਨ੍ਹਾਂ ਦੇ ਭਤੀਜੇ ਉਦੈ ਸਿੰਘ ਸੰਪਰਦਾ ਦੇ ਮੁਖੀ ਬਣੇ ਸਨ, ਜਿਨ੍ਹਾਂ ’ਤੇ ਵੀ ਦੇਸ਼-ਵਿਦੇਸ਼ ਵਿੱਚ ਕਈ ਵਾਰ ਜਾਨਲੇਵਾ ਹਮਲੇ ਹੋਏ।

ਮ੍ਰਿਤਕ ਅਵਤਾਰ ਸਿੰਘ ਸਤਿਗੁਰੂ ਜਗਜੀਤ ਸਿੰਘ ਦੇ ਜਵਾਈ ਸੰਤ ਜਗਤਾਰ ਸਿੰਘ ਦੇ ਬੇਹੱਦ ਨਜ਼ਦੀਕੀ ਸਨ ਅਤੇ ਖੇਤੀਬਾੜੀ ਦੇ ਨਾਲ-ਨਾਲ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ। ਤਤਕਾਲੀ ਪੁਲਿਸ ਕਮਿਸ਼ਨਰ ਈਸ਼ਵਰ ਸਿੰਘ ਅਨੁਸਾਰ, ਅਵਤਾਰ ਸਿੰਘ ਦੇ ਸਾਲੇ ਬਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਾਹਨੇਵਾਲ ਥਾਣੇ ਵਿੱਚ ਠਾਕੁਰ ਦਲੀਪ ਸਿੰਘ (ਜੋ ਵਿਰੋਧੀ ਸਿਰਸਾ ਧੜੇ ਦੇ ਮੁਖੀ ਬਣੇ) ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲੀਸ ਵੱਲੋਂ ਛੇ ਸਾਲ ਤੱਕ ਕੀਤੀ ਗਈ ਜਾਂਚ ਵਿੱਚ ਕੋਈ ਠੋਸ ਨਤੀਜਾ ਨਾ ਨਿਕਲਣ ਕਾਰਨ ਇਹ ਕੇਸ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ।

ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ

ਘਟਨਾ ਵਾਲੇ ਦਿਨ ਅਵਤਾਰ ਸਿੰਘ ਆਪਣੀ ਟੋਇਟਾ ਕੋਰੋਲਾ ਕਾਰ ਰਾਹੀਂ ਮੁਹਾਲੀ ਤੋਂ ਭੈਣੀ ਸਾਹਿਬ ਜਾ ਰਹੇ ਸਨ। ਸਵੇਰੇ ਕਰੀਬ 11 ਵਜੇ ਜਦੋਂ ਉਹ ਕਟਾਣੀ ਕਲਾਂ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕੋਈ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ। ਬਚਾਅ ਲਈ ਉਹ ਕਟਾਣੀ ਕਲਾਂ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੀ ਦੁਕਾਨ ’ਤੇ ਰੁਕ ਗਏ। ਪਰ ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਆਏ, ਘਾਤ ਲਗਾ ਕੇ ਬੈਠੇ ਦੋ ਹਮਲਾਵਰਾਂ ਨੇ ਉਨ੍ਹਾਂ ’ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੁਣ ਤੱਕ ਦੀ ਜਾਂਚ ਮੁਤਾਬਕ ਇੱਕ ਹਮਲਾਵਰ ਨੇ ਚਿੱਟਾ ਕੁੜਤਾ-ਪਜਾਮਾ ਤੇ ਚਿੱਟਾ ਪਰਨਾ ਬੰਨ੍ਹਿਆ ਹੋਇਆ ਸੀ, ਜਦੋਂਕਿ ਦੂਜੇ ਨੇ ਹਰੇ ਰੰਗ ਦੀ ਪੈਂਟ ਪਾਈ ਹੋਈ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਅਵਤਾਰ ਸਿੰਘ ’ਤੇ ਇਸ ਤੋਂ ਪਹਿਲਾਂ ਵੀ ਮੁਹਾਲੀ ਵਿਖੇ ਦੋ ਵਾਰ ਜਾਨਲੇਵਾ ਹਮਲੇ ਹੋ ਚੁੱਕੇ ਸਨ, ਜਿਨ੍ਹਾਂ ਵਿੱਚ ਉਹ ਬਾਲ-ਬਾਲ ਬਚੇ ਸਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK