Narinderdeep Death Case : ਨਰਿੰਦਰਦੀਪ ਸਿੰਘ ਦੀ ਮੌਤ ਦੇ ਮਾਮਲੇ 'ਚ ਪਰਿਵਾਰ ਨੇ ਥਾਣੇ ਅੱਗੇ ਲਾਇਆ ਧਰਨਾ, SSP ਦਾ ਬਿਆਨ ਆਇਆ ਸਾਹਮਣੇ
Narinderdeep Singh Death Case : ਬਠਿੰਡਾ ਦੇ ਗੋਨਿਆਨਾ ਮੰਡੀ ਵਾਸੀ ਨਰਿੰਦਰਦੀਪ ਸਿੰਘ ਨਾਮਕ ਵਿਅਕਤੀ ਦੀ ਮੌਤ ਕਥਿਤ ਤੌਰ 'ਤੇ ਸੀਆਈਏ ਸਟਾਫ ਦੀ ਕੁੱਟਮਾਰ ਕਰਕੇ ਹੋਈ ਮੌਤ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਐਸਐਸਪੀ ਦਫਤਰ ਬਾਹਰ ਧਰਨਾ ਲਾਇਆ ਗਿਆ। ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।
ਨਰਿੰਦਰਦੀਪ ਦੀ ਪਤਨੀ ਨੇ ਜੁਡੀਸ਼ੀਅਲ ਜਾਂਚ ਦੀ ਕੀਤੀ ਮੰਗ
ਮ੍ਰਿਤਕ ਨੌਜਵਾਨ ਨਰਿੰਦਰਦੀਪ ਸਿੰਘ ਦੀ ਪਤਨੀ ਨੇ ਮੰਗ ਕੀਤੀ ਕਿ ਮਾਮਲੇ ਦੀ ਸਮਾਂਬੱਧ ਜੁਡੀਸ਼ੀਅਲ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਅਜੇ ਤੱਕ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਿਸੇ ਵੀ ਆਰੋਪੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਉਹਨਾਂ ਦੇ ਪਤੀ ਦੇ ਨਾਲ ਦੱਸੇ ਜਾ ਰਹੇ ਨੌਜਵਾਨ ਦੇ ਉੱਤੇ ਭਾਵੇਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਉਹ ਲਾਪਤਾ ਹੈ ਤੇ ਉਸਦਾ ਉਹਨਾਂ ਦੇ ਪਰਿਵਾਰ ਨਾਲ ਵੀ ਕੋਈ ਰਾਬਤਾ ਨਹੀਂ ਹੋਇਆ। ਮ੍ਰਿਤਕ ਦੀ ਪਤਨੀ ਨੇ ਪੰਜਾਬ ਸਰਕਾਰ ਤੇ ਵੀ ਰੋਸ ਜਾਹਿਰ ਕਰਦੇ ਕਿਹਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਦੀ ਸਾਰ ਨਹੀਂ ਪੁੱਜਾ।
ਦੂਜੇ ਪਾਸੇ ਸਟੇਜ ਤੋਂ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਪੁਲਿਸ ਨੂੰ ਨਿਸ਼ਾਨੇ 'ਤੇ ਲਿਆ। ਸਿਆਸੀ ਆਗੂਆਂ ਨੇ ਕਿਹਾ ਹੈ ਕਿ ਇਸ ਵਿਅਕਤੀ ਦੀ ਮੌਤ ਹੋਈ ਹੈ ਇਹ ਮੌਤ ਨਹੀਂ ਸਗੋਂ ਕਤਲ ਹੈ, ਜਿਸ ਦੀ ਜਿੰਮੇਵਾਰ ਬਠਿੰਡਾ ਪੁਲਿਸ ਹੈ ਅਤੇ ਇਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲਿਆ।
ਅਸੀਂ ਵੀ ਜੁਡੀਸ਼ਅਲ ਜਾਂਚ ਲਈ ਸਿਫਾਰਿਸ਼ ਕਰਦੇ ਹਾਂ : ਐਸਐਸਪੀ
ਉਧਰ, ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਕਿ ਅਸੀਂ ਵੀ ਜੁਡੀਸ਼ਅਲ ਜਾਂਚ ਕਰਵਾਉਣ ਨੂੰ ਤਿਆਰ ਹਾਂ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਾਂਚ ਮੈਜਿਸਟ੍ਰੇਟੀ ਹੋਣੀ ਚਾਹੀਦੀ ਹੈ। ਅਸੀਂ ਹੁਣ ਤੱਕ 6 ਲੋਕਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਹੈ ਪਰ ਹਜੇ ਤੱਕ ਇੱਕ ਵੀ ਮੁਲਜਮ ਨਹੀਂ ਫੜਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇੱਕ ਦੀ ਬੇਲ ਕੈਂਸਲ ਕਰਵਾਈ ਹੈ, ਜਿੰਨੀ ਦੇਰ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ, ਓਨੀ ਦੇਰ ਤੱਕ ਕੇਸ ਬਾਰੇ ਕਹਿਣਾ ਕੁਝ ਠੀਕ ਨਹੀਂ ਹੋਵੇਗਾ।
ਏਮਜ਼ ਹਸਪਤਾਲ ਦੀ ਰਿਪੋਰਟ ਉੱਪਰ ਉਨ੍ਹਾਂ ਕਿਹਾ ਕਿ ਰਿਪੋਰਟ ਜਾਰੀ ਹੋਈ ਹੈ, ਉਸ ਵਿੱਚ ਕੁਝ ਹੋਰ ਆਇਆ ਹੈ ਪਰ ਜਿੰਨੀ ਦੇਰ ਤੱਕ ਪੂਰੀ ਰਿਪੋਰਟ ਨਹੀਂ ਆਉਂਦੀ, ਓਨੀ ਦੇਰ ਤੱਕ ਕੁਝ ਕਹਿਣਾ ਠੀਕ ਨਹੀਂ।
- PTC NEWS