Navjot Sidhu Release: ਨਵਜੋਤ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਹੋਣਗੇ ਰਿਹਾਅ
Navjot Sidhu Release: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ। ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੱਧੂ ਸਭ ਤੋਂ ਪਹਿਲਾਂ ਗੁਰੂ ਘਰ ਨਤਮਸਤਕ ਹੋਣਗੇ ਅਤੇ ਫਿਰ ਮੰਦਿਰ 'ਚ ਮੱਥਾ ਟੇਕਣਗੇ। ਬੀਤੇ ਇੱਕ ਸਾਲ ਤੋਂ ਇੱਕ ਛੁੱਟੀ ਨਾ ਲੈਣ ਦੇ ਚੱਲਦਿਆਂ ਨਵਜੋਤ ਸਿੰਘ ਸਿੱਧੂਨੂੰ 48 ਦਿਨ ਪਹਿਲਾਂ ਰਿਹਾਅ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਿੱਧੂ ਰੋਡ ਰੇਜ਼ ਮਾਮਲੇ 'ਚ ਇੱਕ ਸਾਲ ਦੀ ਸਜਾ ਕੱਟ ਰਹੇ ਹਨ।
Will address the media outside patiala jail around noon..
— Navjot Singh Sidhu (@sherryontopp) April 1, 2023
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਲਈ ਅੱਜ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਦੀ ਅਗਵਾਈ 'ਚ ਸਵਾਗਤੀ ਪ੍ਰੋਗਰਾਮ ਹੋ ਰਹੇ ਹਨ। ਦੱਸ ਦਈਏ ਕਿ ਬੀਤੀ ਸ਼ਾਮ ਵੀ ਜੇਲ੍ਹ 'ਚ ਲਾਲ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਆਏ ਸਨ।
ਉਨ੍ਹਾਂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਬੀਤੇ ਦਿਨੀਂ ਅਪਰੇਸ਼ਨ ਤੋਂ ਬਾਅਦ ਘਰ ਪਰਤੇ ਹਨ, ਜੋ ਕਿ ਪੂਰਨ ਤੌਰ ਤੇ ਬੈਡ ਰੈਸਟ 'ਤੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਵਜੋਤ ਸਿੰਘ ਦੇ ਰਿਹਾਈ ਸਮਾਗਮ 'ਚ ਸ਼ਾਮਲ ਨਹੀਂ ਹੋਣਗੇ। ਦੱਸ ਦਈਏ ਕਿ ਜਲੰਧਰ ਉਪ ਚੋਣ ਤੋਂ ਐਨ ਪਹਿਲਾਂ ਸਿੱਧੂ ਦੀ ਰਿਹਾਈ ਨਾਲ ਸਿਆਸਤ ਤੇਜ਼ ਹੋ ਗਈ ਹੈ। ਰਿਹਾਈ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਮੀਡੀਆ ਦੇ ਰੁਬਰੂ ਹੋਣਗੇ।
ਦੱਸ ਦਈਏ ਕਿ ਸਿੱਧੂ ਨੂੰ 19 ਮਈ 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ 18 ਮਈ ਤਕ ਜੇਲ੍ਹ 'ਚ ਰਹਿਣਾ ਪੈਣਾ ਸੀ ਪਰ ਨਿਯਮਾਂ ਅਨੁਸਾਰ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ। ਸਿੱਧੂ ਨੇ ਇਸ ਦੌਰਾਨ ਇਕ ਵੀ ਛੁੱਟੀ ਨਹੀਂ ਲਈ, ਲਿਹਾਜ਼ਾ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖੀਰ ਤਕ ਪੂਰੀ ਹੋ ਜਾਵੇਗੀ ਤੇ ਉਹ ਅੱਜ ਰਿਹਾਅ ਹੋ ਜਾਣਗੇ।
ਨਵਜੋਤ ਕੌਰ ਸਿੱਧੂ ਦੀ ਭਾਵੁਕ ਪੋਸਟ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਪਤੀ ਨੂੰ ਸੰਬੋਧਨ ਕਰਦੇ ਹੋਏ ਟਵਿੱਟਰ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਸਟੇਜ-2 ਹੈ। ਉਨ੍ਹਾਂ ਲਿਖਿਆ ਕਿ ਬਾਹਰ ਰਹਿ ਕੇ ਤੁਹਾਡੀ ਰਿਹਾਈ ਦੀ ਉਡੀਕ 'ਚ ਹਰ ਦਿਨ ਦੁਖਦਾਈ ਹੈ। ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਡੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ 'ਚ ਹਾਂ। ਵਾਰ-ਵਾਰ ਤੁਹਾਨੂੰ ਨਿਆਂ ਤੋਂ ਵਾਂਝੇ ਦੇਖ ਕੇ ਤੁਹਾਡੀ ਇੰਤਜ਼ਾਰ ਕਰ ਰਹੀ ਹਾਂ। ਸੱਚ ਬਹੁਤ ਸ਼ਕਤੀਸ਼ਾਲੀ ਹੈ ਪਰ ਪ੍ਰੀਖਿਆ ਵਾਰ-ਵਾਰ ਹੁੰਦੀ ਹੈ। ਮਾਫ਼ ਕਰਨਾ, ਹੁਣ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ। ਇਸ ਲਈ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਹ ਰੱਬ ਦੀ ਮਰਜ਼ੀ ਹੈ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪ੍ਰੀਮ ਕੋਰਟ ਨੇ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ 'ਚ ਸਿੱਧੂ ਨੂੰ ਇੱਕ ਸਾਲ ਸਜ਼ਾ ਸੁਣਾਈ ਸੀ।ਸਿੱਧੂ ਨੂੰ ਜਦੋਂ ਸੁਪ੍ਰੀਮ ਕੋਰਟ ਸਜ਼ਾ ਸੁਣਾ ਰਿਹਾ ਸੀ ਉਸ ਸਮੇਂ ਉਹ ਹਾਥੀ 'ਤੇ ਸਵਾਰ ਹੋ ਕੇ ਮਹਿੰਗਾਈ ਦੇ ਮੁੱਦੇ 'ਤੇ ਪਟਿਆਲਾ 'ਚ ਪ੍ਰਦਰਸ਼ਨ ਕਰ ਰਹੇ ਸਨ।
ਇਹ ਵੀ ਪੜ੍ਹੋ: Toll Plaza punjab: ਅੱਜ ਪੰਜਾਬ 'ਚ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਵਾਉਣਗੇ ਸੀਐਮ ਮਾਨ
- PTC NEWS