Dhuri Murder : ਸਰਪੰਚੀ ਚੋਣਾਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ, ਬਹਿਸ ਪਿੱਛੋਂ ਗੁਆਂਢੀ ਦਾ ਗੋਲੀ ਮਾਰ ਕੇ ਕਤਲ
Dhuri Murder News : ਧੂਰੀ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕਤਲ ਦੀ ਘਟਨਾ ਵਾਪਰਨ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕਕੜਵਾਲ ਵਿੱਚ ਸਰਪੰਚ ਚੋਣ ਦੀ ਦੁਸ਼ਮਣੀ ਨੇ ਉਦੋਂ ਖੂਨੀ ਮੋੜ ਲੈ ਲਿਆ, ਜਦੋਂ ਤੇਜਾ ਸਿੰਘ ਪੁੱਤਰ ਪਵਿੱਤਰ ਸਿੰਘ (53) ਦਾ ਉਸ ਦਾ ਗੁਆਂਢੀ ਸਰਬਜੀਤ ਸਿੰਘ ਪੁੱਤਰ ਗੁਨਿੰਦਰਜੀਤ ਸਿੰਘ ਨੇ ਕਤਲ ਕਰ ਦਿੱਤਾ। ਮੁਲਜ਼ਮ ਦਾ ਪਵਿੱਤਰ ਸਿੰਘ ਪੁਰਾਣਾ ਝਗੜਾ ਚੱਲ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੋਵਾਂ ਵਿਚਕਾਰ ਝਗੜਾ ਹੋਣ ਤੋਂ ਬਾਅਦ ਝਗੜਾ ਹੋਰ ਵਧ ਗਿਆ। ਇਸ ਦੌਰਾਨ ਸਰਬਜੀਤ ਸਿੰਘ ਨੇ ਪਵਿੱਤਰ ਸਿੰਘ 'ਤੇ ਗੋਲੀ ਚਲਾ ਦਿੱਤੀ। ਗੰਭੀਰ ਹਾਲਤ ਵਿੱਚ ਪਿੰਡ ਵਾਸੀਆਂ ਨੇ ਜ਼ਖਮੀ ਪਵਿੱਤਰ ਸਿੰਘ ਨੂੰ ਸਿਵਲ ਹਸਪਤਾਲ ਧੂਰੀ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਿੰਡ ਵਾਸੀਆਂ ਦਾ ਕੀ ਹੈ ਕਹਿਣਾ ?
ਪਿੰਡ ਵਾਸੀਆਂ ਨੇ ਕਿਹਾ ਕਿ ਸਰਬਜੀਤ ਸਿੰਘ, ਜਿਸਦੀ ਪਤਨੀ ਪਿਛਲੀਆਂ ਪੰਚਾਇਤੀ ਚੋਣਾਂ ਹਾਰ ਗਈ ਸੀ, ਦੀ ਉਦੋਂ ਤੋਂ ਹੀ ਪਵਿੱਤਰ ਸਿੰਘ ਨਾਲ ਦੁਸ਼ਮਣੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਗਾਲ੍ਹਾਂ ਕੱਢਦਾ ਅਤੇ ਧਮਕੀਆਂ ਦਿੰਦਾ ਸੀ।
ਪਿੰਡ ਵਾਸੀਆਂ ਨੇ ਪੁਲਿਸ 'ਤੇ ਵੀ ਚੁੱਕੇ ਸਵਾਲ
ਪਿੰਡ ਵਾਸੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਲਗਭਗ ਢਾਈ ਮਹੀਨੇ ਪਹਿਲਾਂ ਉਨ੍ਹਾਂ ਨੇ ਥਾਣਾ ਸਦਰ ਧੂਰੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਜਾਂਚ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ, ਉਹ ਮੁਲਜ਼ਮ ਨਾਲ ਬੈਠਾ ਰਿਹਾ, ਸ਼ਰਾਬ ਪੀਂਦਾ ਰਿਹਾ ਅਤੇ ਉਸ ਤੋਂ ਪੈਸੇ ਲੈਂਦਾ ਰਿਹਾ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਅੱਜ ਇਹ ਖੂਨ-ਖਰਾਬਾ ਨਾ ਹੁੰਦਾ।
ਜਲਦ ਗ੍ਰਿਫ਼ਤ 'ਚ ਹੋਵੇਗਾ ਮੁਲਜ਼ਮ : ਪੁਲਿਸ
ਇਸ ਮਾਮਲੇ 'ਤੇ ਡਿਊਟੀ ਅਫ਼ਸਰ ਡੀਐਸਪੀ ਨੇ ਕਿਹਾ ਕਿ ਪੁਲਿਸ ਟੀਮਾਂ ਮੁਲਜ਼ਮ ਨੂੰ ਫੜਨ ਲਈ ਰਵਾਨਾ ਹੋ ਗਈਆਂ ਹਨ ਅਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ।
- PTC NEWS