Thakurdwara Mandir Attack : ਐਨਆਈਏ ਨੇ KLF ਦੇ ਦੋ ਗੁਰਗਿਆਂ ਦੇ ਸਾਥੀ ਨੂੰ ਕੀਤਾ ਗ੍ਰਿਫ਼ਤਾਰ, ਠਾਕੁਰਦੁਆਰਾ ਮੰਦਰ 'ਤੇ ਗ੍ਰੇਨੇਡ ਹਮਲੇ 'ਚ ਹੈ ਸ਼ਾਮਲ
Thakurdwara Mandir Attack : ਕੌਮੀ ਜਾਂਚ ਏਜੰਸੀ (NIA) ਨੇ ਵੀਰਵਾਰ ਰਾਤ ਨੂੰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਵਿਅਕਤੀ ਨੇ ਇਸ ਸਾਲ ਮਾਰਚ ਵਿੱਚ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਠਾਕੁਰਦੁਆਰਾ ਮੰਦਰ 'ਤੇ ਗ੍ਰੇਨੇਡ ਹਮਲਾ ਕੀਤਾ ਸੀ।
NIA ਨੇ ਅੰਮ੍ਰਿਤਸਰ ਦੇ ਅਕਾਲਗੜ੍ਹ ਧਾਪੀਆਂ ਪਿੰਡ ਦੇ ਨੇੜੇ ਤੋਂ ਉਕਤ ਗ੍ਰਿਫ਼ਤਾਰੀ ਦਿਖਾਈ ਹੈ। ਮੁਲਜ਼ਮ ਦੀ ਪਛਾਣ ਭਗਵੰਤ ਸਿੰਘ ਉਰਫ ਮੰਨਾ ਭੱਟੀ ਵਜੋਂ ਹੋਈ ਹੈ। ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਵਿੱਚ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਅਨੁਸਾਰ, ਗੁਰਸਿਦਕ ਸਿੰਘ ਅਤੇ ਵਿਸ਼ਾਲ ਉਰਫ਼ ਚੂਚੀ ਨੇ ਗ੍ਰੇਨੇਡ ਹਮਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਘਟਨਾ ਤੋਂ ਬਾਅਦ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਇਸਦੀ ਜ਼ਿੰਮੇਵਾਰੀ ਲਈ। ਏਜੰਸੀ ਨੇ ਕਿਹਾ ਕਿ ਹਮਲੇ ਤੋਂ ਬਾਅਦ ਪੁਲਿਸ ਨਾਲ ਮੁਕਾਬਲੇ ਵਿੱਚ ਗੁਰਸਿਦਕ ਸਿੰਘ ਮਾਰਿਆ ਗਿਆ ਸੀ, ਜਦੋਂ ਕਿ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮੁਕਾਬਲੇ ਤੋਂ ਪਹਿਲਾਂ, ਪੁਲਿਸ ਨੇ ਇਸੇ ਮਾਮਲੇ ਵਿੱਚ ਦੀਵਾਨ ਸਿੰਘ ਉਰਫ਼ ਸੰਨੀ ਅਤੇ ਸਾਹਿਬ ਸਿੰਘ ਉਰਫ਼ ਸਾਬਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਐਨਆਈਏ ਦੀ ਜਾਂਚ ਦੇ ਅਨੁਸਾਰ, ਘਟਨਾ ਤੋਂ ਬਾਅਦ ਤੋਂ ਫਰਾਰ ਭਗਵੰਤ ਨੇ ਗੁਰਸਿਦਕ ਅਤੇ ਵਿਸ਼ਾਲ ਨੂੰ ਪਨਾਹ ਦਿੱਤੀ ਸੀ। ਐਨਆਈਏ ਨੇ ਕਿਹਾ ਕਿ ਉਹ ਦੋਵੇਂ ਹਮਲੇ ਦੀ ਯੋਜਨਾ ਬਣਾਉਣ ਦੌਰਾਨ ਅਤੇ ਬਾਅਦ ਵਿੱਚ ਭਗਵੰਤ ਦੇ ਨਾਲ ਰਹੇ। ਹਮਲੇ ਵਿੱਚ ਵਰਤਿਆ ਗਿਆ ਗ੍ਰੇਨੇਡ ਵੀ ਭਗਵੰਤ ਦੇ ਘਰ ਦੇ ਪਿੱਛੇ ਉਸਦੀ ਜਾਣਕਾਰੀ ਨਾਲ ਲੁਕਾਇਆ ਗਿਆ ਸੀ। ਉਸਨੂੰ ਆਪਣੇ ਬੈਂਕ ਖਾਤੇ ਵਿੱਚ ਫੰਡ ਵੀ ਮਿਲੇ।
- PTC NEWS