Mock Drill : ਪੰਜਾਬ ਦੇ ਕਿਹੜੇ ਜ਼ਿਲ੍ਹਿਆਂ 'ਚ ਹੋਵੇਗਾ 'Operation Shield' ? ਜਾਣੋ ਵੱਖ-ਵੱਖ ਥਾਂਵਾਂ 'ਤੇ ਸਾਇਰਨ ਅਤੇ ਬਲੈਕ-ਆਊਟ ਦਾ ਸਮਾਂ
Mock Drill in Punjab Border Areas : ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੁਣ 31 ਮਈ ਸ਼ਨੀਵਾਰ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਹੋਵੇਗੀ। ਇਹ ਮੌਕ ਡਰਿੱਲ ਪੰਜਾਬ ’ਚ ਅਪ੍ਰੇਸ਼ਨ ਸ਼ੀਲਡ ਦੇ ਨਾਮ ਹੇਠ ਕੀਤੀ ਜਾਵੇਗੀ। ਜਿਹੜੇ ਜ਼ਿਲ੍ਹਿਆਂ 'ਚ ਮੌਕ ਡਰਿੱਲ ਹੋਣ ਜਾ ਰਹੀ ਹੀ ਉਥੋਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਲੋਕਾਂ ਨੂੰ ਵਿਸ਼ੇਸ਼ ਸੂਚਨਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਗੁਰਦਾਸਪੁਰ ਜ਼ਿਲ੍ਹੇ ਬਲੈਕ-ਆਊਟ
ਗੁਰਦਾਸਪੁਰ ਵਿੱਚ ਸ਼ਾਮ 8 ਵਜੇ ਤੋਂ 8.30 ਵਜੇ ਤੱਕ ਜ਼ਿਲ੍ਹਾ ਪੱਧਰੀ ਮੌਕ ਬਲੈਕਆਊਟ ਕੀਤਾ ਜਾਵੇਗਾ। ਡੀਸੀ ਨੇ ਕਿਹਾ ਕਿ ਬਲੈਕਆਊਟ ਇੱਕ ਆਮ ਸਿਵਲ ਡਿਫੈਂਸ ਤਿਆਰੀ ਅਭਿਆਸ ਦਾ ਹਿੱਸਾ ਸੀ।
ਬਲੈਕਆਊਟ ਤੋਂ ਪਹਿਲਾਂ, ਗੁਰਦਾਸਪੁਰ ਬੱਸ ਸਟੈਂਡ 'ਤੇ ਸ਼ਾਮ 6 ਵਜੇ ਇੱਕ ਮੌਕ ਐਮਰਜੈਂਸੀ ਰਿਸਪਾਂਸ ਡ੍ਰਿਲ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਹੋਮ ਗਾਰਡ, ਸਿਵਲ ਡਿਫੈਂਸ ਵਲੰਟੀਅਰ, ਐਨਸੀਸੀ ਕੈਡੇਟ, ਸਿਹਤ ਵਿਭਾਗ, ਫਾਇਰ ਬ੍ਰਿਗੇਡ ਅਤੇ ਪੁਲਿਸ ਦੇ ਕਰਮਚਾਰੀਆਂ ਦੇ ਨਾਲ ਵੱਖ-ਵੱਖ ਪ੍ਰਸ਼ਾਸਨਿਕ ਟੀਮਾਂ ਸ਼ਾਮਲ ਹੋਣਗੀਆਂ। ਰਾਤ 8 ਵਜੇ, ਬਲੈਕਆਊਟ ਦੀ ਸ਼ੁਰੂਆਤ ਦਾ ਸੰਕੇਤ ਦੇਣ ਲਈ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਵਿੱਚ ਸਾਇਰਨ ਵਜਾਏ ਜਾਣਗੇ। ਰਾਤ 8 ਵਜੇ ਤੋਂ 8.30 ਵਜੇ ਤੱਕ, ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਦੇਖਿਆ ਜਾਵੇਗਾ, ਜਿਸ ਵਿੱਚ ਵਸਨੀਕ ਵਲੰਟੀਅਰਾਂ ਵਜੋਂ ਹਿੱਸਾ ਲੈਣਗੇ।
ਬਰਨਾਲਾ 'ਚ 3 ਥਾਂਵਾਂ 'ਤੇ ਮੌਕ ਡਰਿੱਲ
ਬਰਨਾਲਾ 'ਚ 3 ਥਾਂਵਾਂ 'ਤੇ ਮੌਕ ਡਰਿੱਲ ਕਰਵਾਈ ਜਾਵੇਗੀ। ਬਰਨਾਲਾ ਪ੍ਰਸ਼ਾਸਨ ਵੱਲੋਂ ਰਾਤ 8:30 ਵਜੇ ਤੋਂ 9:00 ਵਜੇ ਤੱਕ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਇਹ ਮੌਕ ਡਰਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ, ਟਰਾਈਡੈਂਟ ਫੈਕਟਰੀ ਧੌਲਾ ਅਤੇ ਏਅਰ ਫੋਰਸ ਸਟੇਸ਼ਨ ਭੱਦਲਵੱਢ ਵਿਖੇ ਹੋਵੇਗੀ।
ਹੁਸ਼ਿਆਰਪੁਰ ਵਿੱਚ ਬਲੈਕਆਊਟ ਦਾ ਸਮਾਂ
ਹੁਸ਼ਿਆਰਪੁਰ ਵਿੱਚ ਪ੍ਰਸ਼ਾਸਨ ਦੇ ਅਨੁਸਾਰ, ਸ਼ਾਮ 7:58 ਵਜੇ ਸਾਇਰਨ ਵੱਜਣਗੇ, ਜਿਸ ਤੋਂ ਬਾਅਦ ਰਾਤ 8:00 ਵਜੇ ਤੋਂ 8:15 ਵਜੇ ਤੱਕ 15 ਮਿੰਟ ਦਾ ਬਲੈਕਆਊਟ ਹੋਵੇਗਾ। ਇਹ ਡ੍ਰਿੱਲ, ਰਾਜ ਦੇ ਹੋਰਨਾਂ ਡ੍ਰਿੱਲਾਂ ਵਾਂਗ, ਜੰਗ ਜਾਂ ਐਮਰਜੈਂਸੀ ਸਥਿਤੀਆਂ ਦੀ ਸਥਿਤੀ ਵਿੱਚ ਪ੍ਰਸ਼ਾਸਨਿਕ ਅਤੇ ਨਾਗਰਿਕ ਦੋਵਾਂ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਪੂਰੇ ਜਨਤਕ ਸਹਿਯੋਗ, ਨਿਰਦੇਸ਼ਾਂ ਦੀ ਪਾਲਣਾ ਅਤੇ ਬੇਲੋੜੀ ਘਬਰਾਹਟ ਤੋਂ ਬਚਣ ਦੀ ਮਹੱਤਤਾ ਨੂੰ ਦੁਹਰਾਇਆ ਹੈ।
ਜਲੰਧਰ 'ਚ ਬਲੈਕ-ਆਊਟ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਵਿੱਚ 31 ਮਈ ਨੂੰ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਜ਼ਿਲ੍ਹੇ ਵਿੱਚ ਬਲੈਕ ਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਬਲੈਕ ਆਊਟ ਤੋਂ ਪਹਿਲਾਂ ਸਾਇਰਨ ਦੀ ਅਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਵੀ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਜ਼ਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ।
ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੇ ਅਭਿਆਸ ਦੌਰਾਨ ਘਰਾਂ ਤੋਂ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਹਿਰ ਵਿੱਚ ਸਾਇਰਨ ਹੋਰ ਵਧਾਏ ਗਏ ਹਨ, ਪਰ ਫਿਰ ਵੀ ਜੇਕਰ ਇਸ ਸਬੰਧੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0181-2224417 'ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ 31 ਮਈ ਨੂੰ ਹੀ ਸ਼ਾਮ 6 ਵਜੇ ਕੈਂਟ ਬੋਰਡ ਦਫ਼ਤਰ, ਨੇੜੇ ਜਵਾਹਰ ਪਾਰਕ ਜਲੰਧਰ ਕੈਂਟ ਵਿਖੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ।
ਅੰਮ੍ਰਿਤਸਰ 'ਚ ਮੌਕ ਡਰਿੱਲ
ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੌਕ ਡ੍ਰਿਲ ਆਪਰੇਸ਼ਨ ਸ਼ੀਲਡ ਦੇ ਨਾਂ ਤੇ ਕੀਤੀ ਜਾਵੇਗੀ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਦੁਸ਼ਹਿਰਾ ਗਰਾਊਂਡ ਦੇ ਵਿੱਚ 6 ਵਜੇ ਤੋਂ ਲੈ ਕੇ 7 ਵਜੇ ਤੱਕ ਮਾਕਡਰਿੱਲ ਹੋਵੇਗੀ ਅਤੇ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ ਰਾਤ 8:30 ਤੱਕ ਅੰਮ੍ਰਿਤਸਰ ਸ਼ਹਿਰ ਵਿੱਚ ਬਲੈਕ ਆਊਟ ਵੀ ਕੀਤਾ ਜਾਵੇਗਾ।
ਫਿਰੋਜ਼ਪੁਰ 'ਚ ਮੌਕ ਡਰਿੱਲ ਦਾ ਸਮਾਂ
ਡੀਸੀ ਫਿਰੋਜ਼ਪੁਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਆਪ੍ਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ, 31/5/2025 ਨੂੰ ਸ਼ਾਮ 6.00 ਵਜੇ ਤੋਂ 7.00 ਵਜੇ ਤੱਕ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ। ਸ਼ਹਿਰ ਅਤੇ ਛਾਉਣੀ ਖੇਤਰ ਵਿੱਚ ਸ਼ਾਮ 6.00-6.30 ਵਜੇ ਤੱਕ ਸਾਇਰਨ ਵੱਜਣਗੇ। ਸ਼ਹਿਰ ਅਤੇ ਛਾਉਣੀ ਖੇਤਰ ਵਿੱਚ ਰਾਤ 9.00-9.30 ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ। ਆਪਣੀਆਂ ਲਾਈਟਾਂ ਸਵੈ-ਇੱਛਾ ਨਾਲ ਬੰਦ ਕਰੋ ਅਤੇ ਅੰਦਰ ਰਹੋ ਅਤੇ ਸ਼ਾਂਤ ਰਹੋ। ਉਨ੍ਹਾਂ ਕਿਹਾ ਕਿ ਇਹ ਇੱਕ ਸਾਵਧਾਨੀ ਵਾਲਾ ਅਭਿਆਸ ਹੈ। ਕਿਰਪਾ ਕਰਕੇ ਘਬਰਾਓ ਨਾ। ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ ਅਤੇ ਇਹ ਸਿਰਫ਼ ਇੱਕ ਸਾਵਧਾਨੀ ਵਾਲਾ ਅਭਿਆਸ ਹੈ।
- PTC NEWS