Pahalgam Attack : ਭਾਰਤ-ਪਾਕਿਸਤਾਨ ਅਟਾਰੀ ਬਾਰਡਰ ਅੱਜ ਤੋਂ ਪੂਰੀ ਤਰ੍ਹਾਂ ਹੋਇਆ ਬੰਦ , ਹੁਣ ਤੱਕ 786 ਪਾਕਿਸਤਾਨੀ ਨਾਗਰਿਕ ਪਰਤੇ ਵਾਪਸ
Pahalgam Attack : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣਾ ਅਟਾਰੀ ਬਾਰਡਰ ਅੱਜ ਤੋਂ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਸ਼ਾਮ 5 ਵਜੇ ਤੋਂ ਬਾਅਦ ਅੱਜ ਕੋਈ ਵੀ ਪਾਕਿਸਤਾਨੀ ਨਾਗਰਿਕ ਇਸ ਬਾਰਡਰ ਰਾਹੀਂ ਪਾਕਿਸਤਾਨ ਨਹੀਂ ਗਿਆ ਅਤੇ ਨਾ ਹੀ ਅਗਲੇ ਹੁਕਮਾਂ ਤੱਕ ਉਹ ਜਾ ਸਕੇਗਾ।
ਭਾਰਤ ਤੋਂ ਕੁੱਲ ਕਿੰਨੇ ਪਾਕਿਸਤਾਨੀ ਨਾਗਰਿਕ ਅਟਾਰੀ ਬਾਰਡਰ ਰਾਹੀਂ ਵਾਪਸ ਰਵਾਨਾ ਹੋਏ ਹਨ ,ਉਨ੍ਹਾਂ ਦੀ ਕੁੱਲ ਗਿਣਤੀ ਦਾ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਜਾਣਕਾਰੀ ਅਨੁਸਾਰ 24 ਅਪ੍ਰੈਲ ਤੋਂ ਅੱਜ ਤੱਕ ਲਗਭਗ 786 ਪਾਕਿਸਤਾਨੀ ਨਾਗਰਿਕ ਵਾਪਸ ਗਏ ਹਨ। ਅਨੁਮਾਨ ਸੀ ਕਿ ਅੱਜ ਫਿਰ ਭਾਰਤ ਸਰਕਾਰ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਜਾਣ ਲਈ ਵਾਧੂ ਸਮਾਂ ਦੇਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਸ਼ਾਮ 5 ਵਜੇ ਤੋਂ ਬਾਅਦ ਪਹੁੰਚੇ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਸਰਹੱਦ ਇਮੀਗ੍ਰੇਸ਼ਨ ਵਿਭਾਗ ਨੇ ਵਾਪਸ ਭੇਜ ਦਿੱਤਾ।
ਇਸ ਦੌਰਾਨ ਜੰਮੂ-ਕਸ਼ਮੀਰ ਦੀ ਕਠੂਆ ਪੁਲਿਸ ਵੀ ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਅਟਾਰੀ ਸਰਹੱਦ 'ਤੇ ਪਹੁੰਚੀ ਸੀ ਪਰ 5 ਵਜੇ ਤੋਂ ਉਪਰ ਸਮਾਂ ਹੋਣ ਕਰਕੇ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਨੂੰ ਰਿਸੀਵ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਵਾਪਸ ਲੈ ਗਈ। ਹਾਲ ਹੀ ਵਿੱਚ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਵਿੱਚ ਵੀਜ਼ਾ ਲੈ ਕੇ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਗਿਣਤੀ 235 ਹੈ।
ਪਾਕਿਸਤਾਨ ਵਾਪਸ ਪਰਤੇ ਪਾਕਿਸਤਾਨੀ ਨਾਗਰਿਕਾਂ ਦੇ ਵੇਰਵੇ
24 ਅਪ੍ਰੈਲ : 28 ਪਾਕਿਸਤਾਨੀ ਨਾਗਰਿਕ
25 ਅਪ੍ਰੈਲ: 191 ਪਾਕਿਸਤਾਨੀ ਨਾਗਰਿਕ
26 ਅਪ੍ਰੈਲ: 81 ਪਾਕਿਸਤਾਨੀ ਨਾਗਰਿਕ
27 ਅਪ੍ਰੈਲ: 237 ਪਾਕਿਸਤਾਨੀ ਨਾਗਰਿਕ (9 ਡਿਪਲੋਮੈਟ ਅਤੇ ਅਧਿਕਾਰੀ ਸ਼ਾਮਿਲ )
28 ਅਪ੍ਰੈਲ: 145 ਪਾਕਿਸਤਾਨੀ ਨਾਗਰਿਕ
29 ਅਪ੍ਰੈਲ: 104 ਪਾਕਿਸਤਾਨੀ ਨਾਗਰਿਕ
- PTC NEWS