Haryana News : ਹਰਿਆਣਾ ਪੁਲਿਸ ਨੇ ਚੁੱਕ ਲਿਆ ਇੱਕ ਹੋਰ ਸ਼ੱਕੀ ਜਾਸੂਸ ,ਆਪ੍ਰੇਸ਼ਨ ਸਿੰਦੂਰ ਦੀ ਗੁਪਤ ਜਾਣਕਾਰੀ ਭੇਜਣ ਦਾ ਆਰੋਪ ; ਹੁਣ ਤੱਕ 9 ਫੜੇ ਗਏ
Haryana News : ਕੇਂਦਰੀ ਜਾਂਚ ਏਜੰਸੀਆਂ ਨੇ ਹਰਿਆਣਾ ਅਤੇ ਪੰਜਾਬ ਪੁਲਿਸ ਨਾਲ ਮਿਲ ਕੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਅੱਜ ਤਿੰਨ ਹੋਰ ਸ਼ੱਕੀ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ ,ਜੋ ਪਹਿਲਗਾਮ ਹਮਲੇ ਤੋਂ ਬਾਅਦ ਐਕਟਿਵ ਹੋ ਗਏ ਸਨ। ਇਹ ਤਿੰਨੋਂ ਵੱਖ-ਵੱਖ ਤਰੀਕਿਆਂ ਨਾਲ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜ ਰਹੇ ਸਨ। ਪਿਛਲੇ 10 ਦਿਨਾਂ ਵਿੱਚ ਦੋਵਾਂ ਰਾਜਾਂ ਵਿੱਚ ਜਾਸੂਸੀ ਦੇ ਆਰੋਪ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਤਾਰੀਫ਼ ਨਾਮ ਦੇ ਇੱਕ ਪਾਕਿਸਤਾਨੀ ਸ਼ੱਕੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪ ਹੈ ਕਿ ਮੁਲਜ਼ਮ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਦੋ ਕਰਮਚਾਰੀਆਂ ਨੂੰ ਵਟਸਐਪ ਰਾਹੀਂ ਭਾਰਤੀ ਫੌਜੀ ਗਤੀਵਿਧੀਆਂ ਨਾਲ ਸਬੰਧਤ ਗੁਪਤ ਜਾਣਕਾਰੀ ਭੇਜ ਰਿਹਾ ਸੀ। ਜਾਣਕਾਰੀ ਅਨੁਸਾਰ ਨੂਹ ਪੁਲਿਸ ਨੇ ਭਾਰਤੀ ਦੰਡ ਸੰਹਿਤਾ, ਅਧਿਕਾਰਤ ਭੇਦ ਐਕਟ, 1923 ਅਤੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਪੁੱਛਗਿੱਛ ਲਈ ਉਸਨੂੰ ਪੁਲਿਸ ਰਿਮਾਂਡ 'ਤੇ ਲੈ ਲਿਆ। ਮੁਲਜ਼ਮ ਮੁਹੰਮਦ ਤਾਰੀਫ਼ ਤੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ, ਜਿਸ ਵਿੱਚ ਕਈ ਸ਼ੱਕੀ ਵੀਡੀਓ, ਫੋਟੋਆਂ ਅਤੇ ਡੇਟਾ ਸੀ। ਪੁਲਿਸ ਇਸ ਵੇਲੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਤਿੰਨ ਦਿਨ ਪਹਿਲਾਂ 16 ਮਈ ਨੂੰ ਅਰਮਾਨ ਨਾਮ ਦੇ ਇੱਕ ਨੌਜਵਾਨ ਨੂੰ ਜਾਸੂਸੀ ਦੇ ਆਰੋਪ ਵਿੱਚ ਨੂਹ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਦੂਜੇ ਪਾਸੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਗੁਰਦਾਸਪੁਰ ਤੋਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨਾਲ ਵੀ ਸਾਂਝੀ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਸੁਖਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਪਾਕਿਸਤਾਨ ਨਾਲ ਉਸਦੇ ਸਬੰਧ ਸਾਹਮਣੇ ਆ ਗਏ ਹਨ।
- PTC NEWS