Sangat Kalan : ਨਸ਼ਾ ਵੇਚਣ ਵਾਲਿਆਂ ਦੀ ਨਹੀਂ ਹੁਣ ਖੈਰ ! ਬਠਿੰਡਾ ਦੇ ਇਸ ਪਿੰਡ ਨੇ ਕੀਤਾ ਤਹੱਈਆ, ਇਕਜੁਟ ਹੋ ਕੇ ਪਾਏ ਮਤੇ
Bathinda : ਬਠਿੰਡਾ ਦੇ ਪਿੰਡ ਸੰਗਤ ਕਲਾਂ (Sangat Kalan) ਦੇ ਲੋਕ ਪਿੰਡ ਵਿੱਚ ਵਿਕਦੇ ਨਸ਼ੇ ਤੋਂ ਡਾਢੇ ਪਰੇਸ਼ਾਨ ਹੋਣ ਕਾਰਨ ਅੱਜ ਖੁਦ ਪਿੰਡ ਵਾਸੀਆਂ ਨੇ ਪਿੰਡ ਵਿੱਚ ਮੀਟਿੰਗ ਕਰਕੇ ਨਸ਼ਾ ਬੰਦ ਕਰਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਪਿੰਡ ਦੇ ਸਰਪੰਚ ਦੀ ਅਗਵਾਈ ਵਿੱਚ ਮੀਟਿੰਗ ਕਰਕੇ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਨਸ਼ਾ ਨਾ ਵੇਚਣ ਦੀ ਅਪੀਲ ਕਰਦੇ ਹੋਏ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਹੁਣ ਕੋਈ ਵੀ ਨਸ਼ਾ ਵੇਚੇਗਾ ਤਾਂ ਉਸ ਨੂੰ ਪੁਲਿਸ ਕੋਲ ਫੜਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਕਰਾਵਾ ਕੇ ਉਸਦੀ ਕੋਈ ਵੀ ਜ਼ਮਾਨਤ ਨਹੀਂ ਕਰਵਾਵੇਗਾ।
ਪੰਚਾਇਤ ਨੇ ਚੁੱਕਿਆ ਬੀੜਾ
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਬੀੜਾ ਚੁੱਕਿਆ ਗਿਆ ਹੈ, ਕਿਉਂਕਿ ਪਿੰਡ ਵਿੱਚ 4-5 ਜਗ੍ਹਾ 'ਤੇ ਸ਼ਰੇਆਮ ਨਸ਼ਾ ਵਿਕਦਾ ਹੈ, ਜਿੱਥੇ ਸ਼ਰੇਆਮ ਮੋਟਰਸਾਈਕਲ ਅਤੇ ਕਾਰਾਂ 'ਤੇ ਆ ਕੇ ਲੋਕ ਨਸ਼ਾ ਲਿਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਨੇ ਸੰਗਤ ਥਾਣੇ ਅੱਗੇ ਧਰਨਾ ਲਗਾਇਆ, ਜਿਸ ਤੋਂ ਬਾਅਦ ਕੁਝ ਲੋਕਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ। ਹਾਲਾਂਕਿ, ਅਜੇ ਮੁੱਖ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਉਹਨਾਂ ਮੰਗ ਕੀਤੀ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਪੂਰਾ ਪਿੰਡ ਪੁਲਿਸ ਅਤੇ ਪ੍ਰਸ਼ਾਸਨ ਦਾ ਵੀ ਸਹਿਯੋਗ ਦੇਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਖਾਦਸਾ ਪ੍ਰਗਟ ਕੀਤਾ ਕਿ ਨਸ਼ਾ ਵੇਚਣ ਵਾਲੇ ਲੋਕ ਨਸ਼ਾ ਰੋਕਣ ਵਾਲਿਆਂ ਨੂੰ ਕੁੱਟਣ-ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਜੇਕਰ ਅੱਜ ਇਕੱਠ ਵਿੱਚ ਆਏ ਲੋਕਾਂ ਦੇ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਤੇ ਵੀ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ ਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ।
''ਕੱਪੜੇ ਤੱਕ ਚੁੱਕ ਕੇ ਲੈ ਜਾਂਦੇ ਹਨ ਨਸ਼ੇੜੀ''
ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਗੁੜ ਦੀ ਤਰ੍ਹਾਂ ਨਸ਼ਾ ਵਿਕਦਾ ਹੈ, ਸਾਡੇ ਸੁੱਕਣੇ ਪਏ ਕੱਪੜੇ ਵੀ ਨਸ਼ੇੜੀ ਚੁੱਕ ਕੇ ਲੈ ਜਾਂਦੇ ਹਨ। ਔਰਤਾਂ ਨੇ ਕਿਹਾ ਕਿ ਪਿੰਡ ਵਿੱਚ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਤਿੰਨ ਸਾਲ ਤੋਂ ਪਿੰਡ ਵਿੱਚ ਕੋਈ ਬਰਾਤ ਤੱਕ ਨਹੀਂ ਚੜੀ, ਉਹਨਾਂ ਕਿਹਾ ਕਿ ਕੰਮ ਕਰਨ ਵਾਲੇ ਲੋਕ ਤਾਂ ਬਾਥਰੂਮ ਬਣਾਉਣ ਵੀ ਔਖਾ ਹੈ ਤੇ ਇਹ ਲੋਕ ਕੋਠੀਆਂ ਪਾ ਕੇ ਚਿੱਟੇ ਕੱਪੜੇ ਪਾਉਂਦੇ ਹਨ।
- PTC NEWS