Anandpur Sahib News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਪਰਵਿੰਦਰ ਸਿੰਘ
Anandpur Sahib News : ਇਥੋਂ ਨੇੜਲੇ ਪਿੰਡ ਨਿੱਕੂਵਾਲ ਨਾਲ ਸੰਬੰਧਿਤ ਅਤੇ ਕੈਨੇਡਾ ਦੇ ਸਰੀ ਵਿਖੇ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਹੇ 35 ਸਾਲਾਂ ਨੌਜਵਾਨ ਪਰਵਿੰਦਰ ਸਿੰਘ ਪੰਮਾ ਦੀ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸਣਯੋਗ ਹੈ ਕਿ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਸ ਨੌਜਵਾਨ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ।
ਜਾਣਕਾਰੀ ਅਨੁਸਾਰ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਸਾਬਕਾ ਫੌਜੀ ਹਨ, ਜਿਨਾਂ ਨੇ ਆਪਣੀ ਸਮੁੱਚੀ ਜਾਇਦਾਦ ਵੇਚ ਕੇ ਉੱਜਵਲ ਭਵਿੱਖ ਲਈ 15 ਸਤੰਬਰ 2024 ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਿਆ ਸੀ। ਮ੍ਰਿਤਕ ਨੌਜਵਾਨ ਦੀ ਭੈਣ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਐਡਵੋਕੇਟ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਭਰਾ ਪੰਮਾ ਕੈਨੇਡਾ ਦੇ ਸਰੀ ਦੀ ਕਲੇਰ ਟਰਾਂਸਪੋਰਟ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰਦਾ ਸੀ। ਉਸ ਨੇ ਦੇਰ ਰਾਤ ਆਪਣੀ ਪਤਨੀ ਅਤੇ ਮਾਪਿਆਂ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਪ੍ਰੰਤੂ ਸਵੇਰ ਵੇਲੇ ਉਹਨਾਂ ਨੂੰ ਪਤਾ ਲੱਗਿਆ ਕਿ ਪੰਮਾ ਦੀ ਦਿਲ ਦੀ ਧੜਕਣ ਰੁੱਕ ਜਾਣ ਕਾਰਨ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਦੇ ਭਰਾ ਪੰਮਾ ਨੂੰ ਕੈਨੇਡਾ ਭੇਜਿਆ ਸੀ ਪ੍ਰੰਤੂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਭਰਾ ਪੰਮਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
- PTC NEWS