Patiala News : ਸਰਕਾਰੀ ਡਾਕਟਰਾਂ ਨੇ ਹਸਪਤਾਲਾਂ 'ਚ ਸੁਰੱਖਿਆ ਦਾ ਮੁੱਦਾ ਹੱਲ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦੀ ਦਿੱਤੀ ਚੇਤਾਵਨੀ
Patiala News : ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਨੇ ਅੱਜ ਸਿਵਲ ਸਰਜਨ ਪਟਿਆਲਾ ਨੂੰ ਮੈਮੋਰੈਂਡਮ ਦਿੰਦਿਆ ਦੱਸਿਆ ਕਿ ਪਿਛਲੇ ਹਫਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਨਾਲ ਹੋਈ ਮੀਟਿੰਗ ਵਿੱਚ ਸਰਕਾਰੀ ਹਸਪਤਾਲਾਂ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਸਬੰਧੀ ਹੋਈ ਗੱਲਬਾਤ ਵਿੱਚ ਇਹ ਭਰੋਸਾ ਦਿੱਤਾ ਗਿਆ ਸੀ ਕਿ 19 ਅਗਸਤ ਤੱਕ ਹਸਪਤਾਲਾਂ ਵਿੱਚ ਸੁਰੱਖਿਆ ਕਰਮੀ ਮੁਹਈਆ ਕਰਵਾ ਦਿੱਤੇ ਜਾਣਗੇ। ਓਸੇ ਅੰਤਿਮ ਮਿਤੀ ਨੂੰ ਯਾਦ ਕਰਵਾਉਂਦੇ ਹੋਏ ਐਸੋਸੀਏਸ਼ਨ ਨੇ ਸਿਵਲ ਸਰਜਨ ਪਟਿਆਲਾ ਨੂੰ ਮੈਮੋਰੈਂਡਮ ਦਿੱਤਾ ਕਿ ਜੇਕਰ ਹੁਣ ਵੀ ਸਰਕਾਰ ਅਵੇਸਲੀ ਰਹੇਗੀ ਅਤੇ ਵਿਭਾਗੀ ਪੱਧਰ 'ਤੇ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ ਤਾਂ ਸਾਡੇ ਕੋਲ ਵਿਰੋਧ ਪ੍ਰਦਰਸ਼ਨ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਜਾਂਦਾ।
ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਅਗਸਤ ਮਹੀਨੇ ਵਿੱਚ ਵੱਖ-ਵੱਖ ਹਸਪਤਾਲਾਂ ਵਿੱਚ ਹੋਈਆਂ ਘਟਨਾਵਾਂ ਤੋਂ ਬਾਅਦ ਸਾਰੇ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਨੂੰ ਸੁਰੱਖਿਆ ਦੇਣ ਦੀ ਆਵਾਜ਼ ਉੱਠੀ ਸੀ। ਜਿਸ ਦੌਰਾਨ ਹੜਤਾਲ ਵੀ ਕੀਤੀ ਗਈ ਸੀ ਅਤੇ ਮਰੀਜ਼ਾਂ ਨੇ ਵੀ ਸਰਕਾਰੀ ਡਾਕਟਰਾਂ ਦੀ ਇਸ ਜਾਇਜ ਮੰਗ ਦਾ ਸਾਥ ਦਿੰਦੇ ਹੋਏ ਸਮਰਥਨ ਦਿੱਤਾ ਸੀ ਕਿਉਂਕਿ ਮਰੀਜ਼ ਵੀ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਪਰੇਸ਼ਾਨ ਹੁੰਦੇ ਹਨ ਅਤੇ ਕਈ ਵਾਰ ਮਰੀਜ਼ਾਂ ਦਾ ਵੀ ਫੋਨ ਆਦਿ ਕੀਮਤੀ ਸਮਾਨ ਹਸਪਤਾਲ ਵਿੱਚੋਂ ਕੋਈ ਚੋਰੀ ਕਰਕੇ ਲੈ ਜਾਂਦਾ ਹੈ।
ਪਿਛਲੇ ਸਾਲ ਹੜਤਾਲ ਖਤਮ ਕਰਾਉਣ ਲਈ ਸਿਹਤ ਮੰਤਰੀ ਨੇ ਚੰਡੀਗੜ੍ਹ ਪੰਜਾਬ ਭਵਨ ਵਿਖੇ ਮੀਡੀਆ ਸਾਹਮਣੇ ਆ ਕੇ ਇਕ ਹਫਤੇ ਵਿੱਚ ਹਸਪਤਾਲਾਂ ਦੇ ਸੁਰੱਖਿਆ ਪ੍ਰਬੰਧ ਪੂਰੇ ਕਰਾਉਣ ਦੇ ਵਾਅਦੇ ਕੀਤੇ ਸਨ ਪਰ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਇੱਕ ਵੀ ਹਸਪਤਾਲ ਵਿੱਚ ਸੁਰੱਖਿਆ ਕਰਮੀ ਨਹੀਂ ਭੇਜਿਆ ਗਿਆ। ਡਾਕਟਰਾਂ ਅਤੇ ਹਸਪਤਾਲ ਕਰਮੀਆਂ ਵਿੱਚ ਇਸ ਸਬੰਧੀ ਭਾਰੀ ਰੋਸ ਹੈ। ਐਸੋਸੀਏਸ਼ਨ ਦੀ ਪਟਿਆਲਾ ਇਕਾਈ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ।
ਕੈਰੀਅਰ ਪ੍ਰੋਗਰੈਸ਼ਨ ਦੇ ਤੌਰ 'ਤੇ ਸਰਕਾਰ ਵੱਲੋਂ ਅਨਾਉਂਸ ਕੀਤੀ ਗਈ ਐਮਏਸੀਪੀ ਸਕੀਮ ਹਾਲੇ ਤੱਕ ਲਾਗੂ ਨਹੀਂ ਕੀਤੀ ਗਈ, ਕਈ ਸਿਹਤ ਕੇਂਦਰਾਂ ਨੂੰ 24/7 ਐਮਰਜੈਂਸੀ ਸੇਵਾਵਾਂ ਲਈ ਚਲਾਇਆ ਜਾਂਦਾ ਹੈ ਪਰ ਉਥੇ ਡਾਕਟਰਾਂ ਦੀ ਲੋੜੀਂਦੀਆਂ ਪੋਸਟਾਂ ਸੈਂਕਸ਼ਨ ਹੀ ਨਹੀਂ ਹਨ। ਜਿਸ ਨਾਲ ਦੂਜੇ ਹਸਪਤਾਲਾਂ ਤੋਂ ਡਾਕਟਰਾਂ ਨੂੰ ਉਥੇ ਭੇਜ ਕੇ ਐਮਰਜਸੀ ਚਲਾਈ ਜਾਂਦੀ ਹੈ ਪਰ ਜਿੱਥੋਂ ਹਟਾਇਆ ਜਾਂਦਾ ਹੈ, ਉਥੇ ਵੀ ਮਰੀਜ਼ਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਉਹ ਡਾਕਟਰ ਅਗਲੇ ਦਿਨ ਦੁਬਾਰਾ ਉਹਨਾਂ ਨੂੰ ਮਿਲ ਹੀ ਨਹੀਂ ਪਾਉਂਦਾ। ਕੁਝ ਸਿਹਤ ਕੇਂਦਰ ਜਿਨਾਂ ਵਿੱਚ ਨਾ ਤਾਂ ਪੂਰੇ ਡਾਕਟਰ ਹਨ, ਨਾ ਹੀ ਸਟਾਫ ਨਰਸਾਂ ਹਨ।
- PTC NEWS