Patiala News : 3 ਭਰਾਵਾਂ ਦੀ ਇਕਲੌਤੀ ਭੈਣ ਨੇ ਭਾਖੜਾ 'ਚ ਮਾਰੀ ਛਾਲ, ਬਚਾਉਣ ਗਏ ਇੱਕ ਭਰਾ ਦੀ ਵੀ ਹੋਈ ਮੌਤ
Brother and sister drowned in Bhakra canal : ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਨਾਭਾ ਰੋਡ 'ਤੇ ਭਾਖੜਾ ਨਹਿਰ 'ਚ ਇੱਕ ਕੁੜੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ। ਇਸ ਦੌਰਾਨ ਕੁੜੀ ਨੂੰ ਬਚਾਉਣ ਲਈ ਉਸ ਦੇ ਤਿੰਨ ਭਰਾਵਾਂ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ, ਪਰ ਇਸ ਦੌਰਾਨ ਇੱਕ ਭਰਾ ਦੀ ਵੀ ਮੌਤ ਹੋ ਗਈ। ਮੌਕੇ 'ਤੇ ਗੋਤਾਖੋਰਾਂ ਵੱਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਸੂਚਨਾ ਹੈ ਕਿ ਭੈਣ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਭਰਾ ਬਾਰੇ ਅਜੇ ਤੱਕ ਕੁੱਝ ਨਹੀਂ ਪਤਾ ਲੱਗਿਆ।
ਜਾਣਕਾਰੀ ਅਨੁਸਾਰ ਇਹ ਪਰਿਵਾਰ ਪਟਿਆਲਾ ਦੇ ਡਕਾਲਾ ਰੋਡ 'ਤੇ ਪਿੰਡ ਰਵਾਸ ਦਾ ਰਹਿਣ ਵਾਲਾ ਹੈ। ਘਟਨਾ ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ 'ਤੇ 11 ਵਜੇ ਦੀ ਹੈ, ਜਦੋਂ 3 ਭਰਾਵਾਂ ਦੀ ਇਕਲੌਤੀ ਭੈਣ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਇਸ ਦੌਰਾਨ ਕੁੜੀ ਨੂੰ ਬਚਾਉਣ ਦੇ ਲਈ ਉਸਦੇ 3 ਭਰਾਵਾਂ ਨੇ ਵੀ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਆਸ ਪਾਸ ਦੇ ਲੋਕਾਂ ਵੱਲੋਂ ਪਤਾ ਲੱਗਣ 'ਤੇ ਤੁਰੰਤ ਭੱਜ-ਦੌੜ ਕੀਤੀ ਗਈ ਅਤੇ 2 ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਗਿਆ, ਪਰ ਭੈਣ ਦੇ ਨਾਲ ਇੱਕ ਭਰਾ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਹਿਚਾਣ ਲਵਪ੍ਰੀਤ ਕੌਰ ਉਮਰ 27 ਸਾਲ ਵੱਜੋਂ ਹੋਈ ਹੈ, ਜਦਕਿ ਮੁੰਡੇ ਦੀ ਪਛਾਣ ਮੋਹਨ ਵਜੋਂ ਹੋਈ।
ਦੱਸਿਆ ਜਾ ਰਿਹਾ ਹੈ ਕਿ ਕੁੜੀ ਘਰ ਦੇ ਵਿੱਚ ਛੋਟੀ ਜਿਹੀ ਲੜਾਈ ਨੂੰ ਲੈ ਕੇ ਭਾਖੜਾ ਦੇ ਉੱਪਰ ਪਹੁੰਚ ਗੀ ਸੀ, ਜਿਸ ਨੂੰ ਲੱਭਦੇ-ਲੱਭਦੇ ਜਦੋਂ ਉਸਦੇ ਭਰਾ ਭਾਖੜਾ 'ਤੇ ਪਹੁੰਚੇ ਤਾਂ ਕੁੜੀ ਨੇ ਅਚਾਨਕ ਛਾਲ ਮਾਰ ਦਿੱਤੀ। ਮੌਕੇ 'ਤੇ ਲੋਕਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਭੈਣ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ, ਜਦਕਿ ਨੌਜਵਾਨ ਬਾਰੇ ਕੁੱਝ ਥਹੁ-ਪਤਾ ਨਹੀਂ ਲੱਗਿਆ ਸੀ।
- PTC NEWS