15 August ਨੂੰ ਲੈ ਕੇ ਪਟਿਆਲਾ ’ਚ ਚੱਪੇ-ਚੱਪੇ ’ਤੇ ਪੁਲਿਸ ਮੁਸਤੈਦ; ਸਿਟੀ ਸੀਲਿੰਗ ਤੋਂ ਲੈ ਕੇ ਨਾਈਟ ਡੋਮੀਨੇਸ਼ਨ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ
Patiala Police News : 15 ਅਗਸਤ ਦੇ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਪਟਿਆਲਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 13 ਅਗਸਤ ਨੂੰ ਫੁੱਲ ਡਰੈੱਸ ਰਿਹਰਸਲ ਦੌਰਾਨ ਐਸਪੀਜ਼, ਡੀਐਸਪੀਜ਼ ਅਤੇ ਐਸਐਚਓਜ਼ ਨੂੰ 15 ਅਗਸਤ ਨਾਲ ਸਬੰਧਤ ਸੁਰੱਖਿਆ ਚੁਣੌਤੀਆਂ ਅਤੇ ਡਿਊਟੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਹਰ ਇੱਕ ਵਾਹਨ ਦੀ ਲਈ ਜਾ ਰਹੀ ਤਲਾਸ਼ੀ
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਿਫਟਿੰਗ ਨਾਕਾਬੰਦੀ, ਸਿਟੀ ਸੀਲਿੰਗ ਪਲਾਨ, ਦੋਪਹੀਆ ਵਾਹਨਾਂ ਦੀ ਚੈਕਿੰਗ ਅਤੇ ਨਾਈਟ ਡੋਮੀਨੇਸ਼ਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਖੁਦ ਵੀ ਰਾਤ ਸਮੇਂ ਮੈਦਾਨ ਵਿੱਚ ਰਹਿ ਕੇ ਨਾਈਟ ਡੋਮੀਨੇਸ਼ਨ ਕਰਨਗੇ, ਤਾਂ ਜੋ ਕੋਈ ਵੀ ਗੈਰ-ਸਮਾਜਿਕ ਤੱਤ ਆਜ਼ਾਦੀ ਦਿਵਸ ਦੇ ਸਮਾਗਮ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਾ ਸਕੇ।
ਹੌਟਸਪੌਟ ਇਲਾਕਿਆਂ ਵਿੱਚ ਲਗਾਤਾਰ ਚੈਕਿੰਗ
ਐਸਐਸਪੀ ਨੇ ਕਿਹਾ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਹੌਟਸਪੌਟ ਇਲਾਕਿਆਂ ਵਿੱਚ ਲਗਾਤਾਰ ਚੈਕਿੰਗ ਅਤੇ ਪੁਲਿਸ ਡੋਮੀਨੇਸ਼ਨ ਕੀਤੀ ਜਾ ਰਹੀ ਹੈ। ਸ਼ਹਿਰ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ਅਤੇ ਅੰਤਰਰਾਜੀ ਸਰਹੱਦਾਂ ’ਤੇ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ। ਅੱਜ ਰਾਤ ਤੋਂ ਨਾਕਾਬੰਦੀ ਅਤੇ ਨਾਈਟ ਡੋਮੀਨੇਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਐਸਐਸਪੀ ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਚੈਕਿੰਗ ਦੌਰਾਨ ਸਾਹਮਣੇ ਆਏ ਇੱਕ ਮਾਮਲੇ ਸਬੰਧੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ ਅਤੇ ਇਹ ਮਾਮਲਾ ਡੀਐਸਪੀ ਸਿਟੀ-2 ਦੇ ਇਲਾਕੇ ਨਾਲ ਸਬੰਧਤ ਹੈ।
ਉਨ੍ਹਾਂ ਦੱਸਿਆ ਕਿ 15 ਅਗਸਤ ਦੇ ਮੁੱਖ ਸਮਾਗਮ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਮਾਗਮ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਹੋਵੇ।
ਸਕੂਲਾਂ ਤੇ ਸਰਕਾਰੀ ਸੰਸਥਾਵਾਂ ਨੂੰ ਈਮੇਲ ਰਾਹੀਂ ਮਿਲ ਰਹੀਆਂ ਧਮਕੀਆਂ
ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜਕੱਲ੍ਹ ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਈਮੇਲ ਰਾਹੀਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਜੇਕਰ ਕਿਸੇ ਨੂੰ ਕੋਈ ਲਾਵਾਰਸ ਵਸਤੂ, ਸ਼ੱਕੀ ਵਿਅਕਤੀ ਜਾਂ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ।
ਉਨ੍ਹਾਂ ਹੋਟਲ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਪਛਾਣ ਪੱਤਰ ਦੀ ਪੂਰੀ ਜਾਂਚ ਕੀਤੇ ਕਮਰਾ ਨਾ ਦਿੱਤਾ ਜਾਵੇ। ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਅਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਪਿਟਬੁਲ ਦਾ ਭਿਆਨਕ ਹਮਲਾ, ਮਕਾਨ ਦੇਖਣ ਆਏ ਪਤੀ-ਪਤਨੀ ਨੂੰ ਬੁਰੇ ਤਰੀਕੇ ਨੋਚਿਆ, ਵੀਡੀਓ ਆਈ ਸਾਹਮਣੇ!
- PTC NEWS