PCA ਦਾ ਨਵਾਂ ਸਟੇਡੀਅਮ ਬਣ ਕੇ ਤਿਆਰ, BCCI ਕਰੇਗੀ ਆਖ਼ਰੀ ਸਰਵੇਖਣ
PTC News Desk: ਨਿਊ ਚੰਡੀਗੜ੍ਹ (New Chandigarh) ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ (Punjab Cricket Association) ਦੇ ਨਵੇਂ ਸਟੇਡੀਅਮ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ। ਹੁਣ ਇਹ ਸਟੇਡੀਅਮ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਮੀਡੀਆ ਨੂੰ ਦੱਸਿਆ ਕਿ ਜਲਦ ਹੀ ਇਸ ਸਟੇਡੀਅਮ ਦਾ ਬੀ.ਸੀ.ਸੀ.ਆਈ (BCCI) ਅਧਿਕਾਰੀਆਂ ਵੱਲੋਂ ਅੰਤਿਮ ਸਰਵੇਖਣ ਕੀਤਾ ਜਾਵੇਗਾ। ਬੀ.ਸੀ.ਸੀ.ਆਈ. ਤੋਂ ਮਨਜ਼ੂਰੀ ਮਿਲਣ ਤੋਂ ਬਆਦ ਸਾਰੇ ਮੈਚ ਨਵੇਂ ਸਟੇਡੀਅਮ ਵਿੱਚ ਖੇਡੇ ਜਾਣਗੇ। ਇਹ ਸਟੇਡੀਅਮ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ 11 ਫੇਸ 'ਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਮੈਚ ਹੋਵੇਗਾ। ਇਹ ਮੈਚ ਮੋਹਾਲੀ ਦੇ ਆਈ.ਐਸ. ਬਿੰਦਰਾ ਕ੍ਰਿਕਟ ਸਟੇਡੀਅਮ ਦਾ ਆਖਰੀ ਕੌਮਾਂਤਰੀ ਮੈਚ ਹੋ ਸਕਦਾ ਹੈ ਕਿਉਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਨਿਊ ਚੰਡੀਗੜ੍ਹ ਵਿੱਚ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਇਸ ਨਵੇਂ ਸਟੇਡੀਅਮ 'ਚ ਰਣਜੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ ਇਸ ਵਿੱਚ ਖੇਡੇ ਜਾ ਚੁੱਕੇ ਹਨ।
ਨਿਊ ਚੰਡੀਗੜ੍ਹ ਵਿੱਚ ਬਣਿਆ ਕ੍ਰਿਕਟ ਸਟੇਡੀਅਮ ਦੇਸ਼ ਦਾ ਇੱਕੋ ਇੱਕ ਅਜਿਹਾ ਸਟੇਡੀਅਮ ਹੈ ਜਿਸ ਵਿੱਚ ਲਾਲ ਅਤੇ ਕਾਲੀ ਮਿੱਟੀ ਦੀਆਂ ਪਿੱਚਾਂ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਨਿਊ ਚੰਡੀਗੜ੍ਹ ਵਿੱਚ ਬਣਾਏ ਗਏ ਕ੍ਰਿਕਟ ਸਟੇਡੀਅਮ ਉੱਚ ਤਕਨੀਕਾਂ ਨਾਲ ਲੈਸ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਖਿਡਾਰੀਆਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਗਿਆ ਹੈ।
ਇਸ ਵਿੱਚ ਖਿਡਾਰੀਆਂ ਦੀ ਆਵਾਜਾਈ ਲਈ ਵੱਖਰਾ ਰਸਤਾ ਬਣਾਇਆ ਗਿਆ ਹੈ। ਸਟੇਡੀਅਮ ਦੇ ਗੇਟ ਨੇੜੇ ਅਭਿਆਸ ਪਿੱਚ ਬਣਾਈ ਗਈ ਹੈ। ਖਿਡਾਰੀਆਂ ਲਈ ਵੱਖਰਾ ਪੈਵੇਲੀਅਨ ਬਣਾਇਆ ਗਿਆ ਹੈ। ਦਰਸ਼ਕਾਂ ਦੇ ਬਾਹਰ ਜਾਣ ਲਈ 12 ਲਿਫਟਾਂ ਅਤੇ 16 ਗੇਟ ਬਣਾਏ ਗਏ ਹਨ। ਸਟੇਡੀਅਮ ਦੇ ਅੰਦਰ ਕਰੀਬ 1600 ਵਾਹਨਾਂ ਦੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੇਡੀਅਮ ਦੇ ਆਲੇ-ਦੁਆਲੇ ਕਾਫੀ ਜਗ੍ਹਾ ਖਾਲੀ ਪਈ ਹੈ। ਜਿੱਥੇ ਮੈਚ ਦੌਰਾਨ ਖਾਣ-ਪੀਣ ਦੇ ਸਟਾਲ ਲਗਾਏ ਜਾਣ ਤਾਂ ਜੋ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
-