Punjab Monsoon Break ਨੇ ਵਧਾਈ ਪਾਵਰਕੌਮ ਦੀ ਚਿੰਤਾ ! ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ, ਪਾਵਰ ਕੱਟਾਂ ਤੋਂ ਲੋਕ ਬੇਹਾਲ
ਪੰਜਾਬ ਵਿੱਚ ਤੇਜ਼ ਗਰਮੀ ਅਤੇ ਚੌਲਾਂ ਦੀ ਬਿਜਾਈ ਦੇ ਸਿਖਰਲੇ ਸੀਜ਼ਨ ਨੇ ਬਿਜਲੀ ਦੀ ਮੰਗ ਨੂੰ ਹੋਰ ਵੀ ਜਿਆਦਾ ਵਧਾ ਦਿੱਤਾ ਹੈ। ਜਿਸ ਕਾਰਨ ਇੱਕ ਵਾਰ ਫੇਰ ਤੋਂ ਪੰਜਾਬ ’ਚ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੱਸ ਦਈਏ ਕਿ ਸੂਬੇ ਭਰ ’ਚ 17,366 ਮੈਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚ ਚੁੱਕੀ ਹੈ। ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ’ਚ ਕਰੀਬ 20 ਫੀਸਦ ਦਾ ਵਾਧਾ ਹੋਇਆ ਹੈ।
ਦੱਸ ਦਈਏ ਕਿ ਮੀਂਹ ਨਾ ਪੈਣ ਕਾਰਨ ਅਤੇ ਝੋਨੇ ਦੀ ਫਸਲ ਕਾਰਨ ਬਿਜਲੀ ਦੀ ਮੰਗ ’ਚ ਰਿਕਾਰਡ ਤੋੜ ਵਾਧਾ ਹੋਇਆ ਹੈ। ਹੁੰਮਸ ਭਰੀ ਗਰਮੀ ਕਾਰਨ ਘਰਾਂ-ਦਫ਼ਤਰਾਂ 'ਚ ਏਸੀ ਦੀ ਵੱਧ ਵਰਤੋਂ ਵੀ ਮੁੱਖ ਕਾਰਨ ਵਜੋ ਦੇਖੀ ਜਾ ਰਹੀ ਹੈ।
ਪੰਜਾਬ ਨੂੰ ਕੇਂਦਰੀ ਪੂਲ ਤੋਂ 10,000 ਮੈਗਾਵਾਟ ਤੋਂ ਵੱਧ ਬਿਜਲੀ ਖਰੀਦਣੀ ਪੈ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 1 ਤੋਂ 5 ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ। ਕਈ ਇਲਾਕਿਆਂ ਵਿੱਚ ਕਿਸਾਨਾਂ ਅਤੇ ਘਰੇਲੂ ਖਪਤਕਾਰਾਂ ਨੂੰ ਅਜੇ ਵੀ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ ਹੈ।
ਪੰਜਾਬ ਦੇ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਬਾਰਿਸ਼ ਅਸਥਾਈ ਤੌਰ 'ਤੇ ਰੁਕ ਗਈ ਹੈ। ਨਤੀਜੇ ਵਜੋਂ, ਸੂਬੇ ਵਿੱਚ ਨਮੀ ਅਤੇ ਤਾਪਮਾਨ ਇੱਕ ਵਾਰ ਫਿਰ ਵੱਧ ਰਿਹਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 15 ਜੁਲਾਈ ਲਈ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਦੇ ਅਲੱਗ-ਥਲੱਗ ਇਲਾਕਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ।
ਪੰਜਾਬ ’ਚ ਤਾਪਮਾਨ ’ਚ ਵਾਧਾ
ਮੰਗਲਵਾਰ ਨੂੰ ਪੰਜਾਬ ਵਿੱਚ ਮੌਸਮ ਗਰਮ ਅਤੇ ਨਮੀ ਵਾਲਾ ਰਿਹਾ। ਤਾਪਮਾਨ 0.5 ਡਿਗਰੀ ਸੈਲਸੀਅਸ ਵਧਿਆ। ਬਠਿੰਡਾ 39.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਵੀ ਪੰਜਾਬ ਵਿੱਚ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਚਿਤਾਵਨੀ ਦਿੱਤੀ ਹੈ। ਸੂਬੇ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਵੀ 1.8 ਡਿਗਰੀ ਸੈਲਸੀਅਸ ਵਾਧਾ ਹੋਇਆ, ਜੋ ਕਿ ਆਮ ਦੇ ਨੇੜੇ ਹੈ। ਪਠਾਨਕੋਟ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : Toll Tax Hike : ਹੁਣ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ ! ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ, ਇੱਥੇ ਦੇਖੋ ਲਿਸਟ
- PTC NEWS