ਵਿਦੇਸ਼ ’ਚ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਤਿਆਰੀ ! ਚੰਡੀਗੜ੍ਹ ਪੁਲਿਸ ਦੇ ਨਿਸ਼ਾਨੇ ’ਤੇ ਇਹ 4 ਖਤਰਨਾਕ ਗੈਂਗਸਟਰ
Chandigarh News : ਚੰਡੀਗੜ੍ਹ ਵਿੱਚ ਐਨਡੀਪੀਐਸ ਅਤੇ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਵਿਦੇਸ਼ਾਂ ਚੋਂ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜੋ ਵੱਖ-ਵੱਖ ਜਗ੍ਹਾ ਲੁਕੇ ਹੋਏ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ।
ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਵਲੋਂ ਕਰੀਬਨ ਚਾਰ ਗੈਂਗਸਟਰ ਨਿਸ਼ਾਨੇ ’ਤੇ ਹਨ ਜਿਨ੍ਹਾਂ ਚ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ, ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ਗੋਲੀਬਾਰੀ ਲਈ ਜ਼ਿੰਮੇਵਾਰ ਰੋਹਿਤ ਗੋਦਾਰਾ, ਹਰਿਆਣਾ ਦਾ ਰਣਦੀਪ ਮਲਿਕ ਅਤੇ ਲਾਰੈਂਸ ਦਾ ਕਰੀਬੀ ਸਾਥੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੋਲਡੀ ਬਰਾੜ ਸ਼ਾਮਲ ਹਨ।
ਚੰਡੀਗੜ੍ਹ ਪੁਲਿਸ ਅਜਿਹੇ ਅਪਰਾਧੀਆਂ ਬਾਰੇ ਇੱਕ ਡੋਜ਼ੀਅਰ ਤਿਆਰ ਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਮ, ਫੋਟੋਆਂ, ਅਪਰਾਧਿਕ ਰਿਕਾਰਡ ਅਤੇ ਉਨ੍ਹਾਂ ਦੇ ਠਿਕਾਣਿਆਂ ਦੇ ਪੂਰੇ ਵੇਰਵੇ ਹੋਣਗੇ। ਡੋਜ਼ੀਅਰ ਇੱਕ ਮਹੀਨੇ ਦੇ ਅੰਦਰ ਤਿਆਰ ਕੀਤਾ ਜਾਵੇਗਾ ਅਤੇ ਸੀਬੀਆਈ ਨੂੰ ਸੌਂਪਿਆ ਜਾਵੇਗਾ, ਜਿਸਨੂੰ ਗ੍ਰਹਿ ਮੰਤਰਾਲੇ ਦੁਆਰਾ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਸ਼ਹਿਰ ਦੇ ਸਾਰੇ ਪੁਲਿਸ ਸਟੇਸ਼ਨ, ਆਪ੍ਰੇਸ਼ਨ ਸੈੱਲ, ਜ਼ਿਲ੍ਹਾ ਅਪਰਾਧ ਸੈੱਲ ਅਤੇ ਨਾਰਕੋਟਿਕਸ ਵਿਰੋਧੀ ਟਾਸਕ ਫੋਰਸ ਇਸ ਤਿਆਰੀ ਵਿੱਚ ਸ਼ਾਮਲ ਹਨ।
ਕਾਬਿਲੇਗੌਰ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿਰਦੇਸ਼ ਦਿੱਤੇ ਹਨ ਕਿ ਵਿਦੇਸ਼ਾਂ ਵਿੱਚ ਲੁਕੇ ਭਾਰਤੀ ਭਗੌੜਿਆਂ ਦੀ ਵਾਪਸੀ ਵਿੱਚ ਤੇਜ਼ੀ ਲਿਆਉਣ ਲਈ ਆਈਬੀ ਅਤੇ ਐਨਆਈਏ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਆਪ੍ਰੇਸ਼ਨ (ਐਸਓਪੀ) ਤਿਆਰ ਕੀਤਾ ਜਾਵੇ। ਜਿਸ ਚ ਦੇਸ਼ ਭਰ ਦੇ ਰਾਜਾਂ ਅਤੇ ਕੇਂਦਰੀ ਏਜੰਸੀਆਂ ਵਿੱਚ ਤਜਰਬੇਕਾਰ ਵਕੀਲਾਂ ਸਮੇਤ ਵਿਸ਼ੇਸ਼ ਟੀਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : Nabha Farmers Police Clash : ਕਿਸਾਨਾਂ ਦੀ ਸ਼ਿਕਾਇਤ 'ਤੇ 'ਆਪ' ਆਗੂ ਪੰਕਜ ਪੱਪੂ ਦੇ ਖਿਲਾਫ਼ ਇੱਕ ਹੋਰ ਮਾਮਲਾ ਦਰਜ ਕਰਨ 'ਤੇ ਬਣੀ ਸਹਿਮਤੀ
- PTC NEWS