Kotkapura 'ਚ ਫਲਾਈ ਓਵਰ 'ਤੇ PRTC ਬੱਸ ਅਤੇ ਬੁਲਟ ਮੋਟਰਸਾਈਕਲ ਦੀ ਟੱਕਰ , ਇੱਕ ਨੌਜਵਾਨ ਦੀ ਮੌਤ ਤੇ ਦੂਜਾ ਜ਼ਖਮੀ
Faridkot Road Accident : ਇਸ ਵਾਰ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਦੋ ਘਰਾਂ ਦੇ ਚਿਰਾਗ ਹਾਦਸਿਆਂ ਵਿੱਚ ਹਮੇਸ਼ਾ ਲਈ ਬੁਝ ਗਏ। ਕੋਟਕਪੂਰਾ ਸ਼ਹਿਰ ਦੇ ਮੁਕਤਸਰ- ਸ੍ਰੀ ਗੰਗਾਨਗਰ ਰੋਡ 'ਤੇ ਬਣਿਆ ਫਲਾਈ ਓਵਰ ਬ੍ਰਿਜ ਅੱਜ ਕੱਲ ਹਾਦਸਿਆਂ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ।
ਬੀਤੇ ਕੱਲ ਦਿਵਾਲੀ ਵਾਲੇ ਦਿਨ ਸ੍ਰੀ ਮੁਕਤਸਰ ਸਾਹਿਬ -ਸ੍ਰੀ ਗੰਗਾ ਨਗਰ ਰੋਡ 'ਤੇ ਫਲਾਈ ਓਵਰ ਬ੍ਰਿਜ ਉੱਪਰ ਇੱਕ ਪੀਆਰਟੀਸੀ ਬੱਸ ਅਤੇ ਬੁਲਟ ਮੋਟਰਸਾਈਕਲ ਉੱਪਰ ਜਾ ਰਹੇ ਦੋ ਨੌਜਵਾਨਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਨੌਜਵਾਨ ਦੀ ਮੌਕੇ ਉੱਪਰ ਮੌਤ ਹੋ ਗਈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਜ਼ਖਮੀ ਅਤੇ ਮ੍ਰਿਤਕ ਨੌਜਵਾਨ ਨੂੰ ਕੋਟਕਪੁਰਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਡਾਕਟਰ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਮੱਲ ਸਿੰਘ ਦੇ ਨੌਜਵਾਨ ਰਮਨਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਦੂਜੇ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ।
- PTC NEWS