ਹੁਣ ਹਰ ਕੋਈ ਪੜ੍ਹ ਸਕੇਗਾ ਡਾਕਟਰਾਂ ਦੀ ਲਿਖਾਈ. ਹਾਈਕੋਰਟ ਨੇ ਡਾਕਟਰਾਂ ਨੂੰ 'ਟੇਡੀ ਲਿਖਾਈ' ਤੇ ਖਿੱਚੇ ਕੰਨ !
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਾਕਟਰਾਂ ਨੂੰ ਸਪੱਸ਼ਟ ਅਤੇ ਪੜ੍ਹਨਯੋਗ ਨੁਸਖ਼ੇ ਲਿਖਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਾਰੇ ਡਾਕਟਰੀ ਨੁਸਖ਼ੇ ਅਤੇ ਡਾਇਗਨੌਸਟਿਕ ਨੋਟ ਸਪੱਸ਼ਟ ਤੌਰ 'ਤੇ ਲਿਖੇ ਜਾਣੇ ਚਾਹੀਦੇ ਹਨ, ਤਰਜੀਹੀ ਤੌਰ 'ਤੇ ਵੱਡੇ ਅੱਖਰਾਂ ਵਿੱਚ ਜਾਂ ਟਾਈਪ ਕੀਤੇ ਜਾਣੇ ਚਾਹੀਦੇ ਹਨ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡਾਕਟਰਾਂ ਨੂੰ ਨੁਸਖ਼ੇ ਦਿੰਦੇ ਸਮੇਂ ਦਵਾਈਆਂ ਅਤੇ ਨੁਸਖ਼ੇ ਵੱਡੇ ਅੱਖਰਾਂ ਵਿੱਚ ਲਿਖਣ ਦਾ ਹੁਕਮ ਦਿੱਤਾ ਗਿਆ ਹੈ, ਤਾਂ ਜੋ ਲੋਕ ਉਨ੍ਹਾਂ ਨੂੰ ਪੜ੍ਹ ਸਕਣ।
ਮਰੀਜ਼ਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਹੜੀ ਦਵਾਈ ਦਿੱਤੀ ਜਾ ਰਹੀ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਇਲਾਜ ਅਤੇ ਦਵਾਈਆਂ ਬਾਰੇ ਪੂਰੀ ਜਾਣਕਾਰੀ ਦੇਣਾ ਵੀ ਉਨ੍ਹਾਂ ਦੇ ਮੌਲਿਕ ਅਧਿਕਾਰ ਦਾ ਹਿੱਸਾ ਹੈ। ਹਾਈ ਕੋਰਟ ਨੇ ਕਿਹਾ, ਡਾਕਟਰਾਂ ਦੀ ਢਿੱਲੀ ਲਿਖਾਈ ਜਿਸ ਨੂੰ ਮਰੀਜ਼ ਸਮਝ ਨਹੀਂ ਸਕਦਾ, ਮਰੀਜ਼ ਦੀ ਜਾਨ ਲਈ ਵੱਡਾ ਖ਼ਤਰਾ ਹੈ।
ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਤੱਕ ਟਾਈਪ ਕੀਤੇ ਜਾਂ ਕੰਪਿਊਟਰਾਈਜ਼ਡ ਨੁਸਖੇ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਜਾਂਦੇ, ਸਾਰੇ ਡਾਕਟਰ ਨੁਸਖੇ 'ਤੇ ਦਵਾਈ ਅਤੇ ਨੁਸਖੇ ਵੱਡੇ ਅੱਖਰਾਂ ਵਿੱਚ ਲਿਖਣਗੇ। ਨਾਲ ਹੀ, ਦੋ ਸਾਲਾਂ ਦੇ ਅੰਦਰ ਪੂਰੀ ਤਰ੍ਹਾਂ ਟਾਈਪ ਕੀਤੇ ਜਾਂ ਕੰਪਿਊਟਰਾਈਜ਼ਡ ਨੁਸਖੇ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਹਾਈ ਕੋਰਟ ਨੇ ਇਹ ਹੁਕਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਇੱਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਤਾ ਹੈ। ਹਰਿਆਣਾ ਵਿੱਚ ਨੌਕਰੀ ਦਿਵਾਉਣ ਦੇ ਨਾਮ 'ਤੇ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਜਦੋਂ ਹਾਈ ਕੋਰਟ ਨੇ ਮਾਮਲੇ ਦਾ ਮੈਡੀਕਲ ਕਾਨੂੰਨੀ ਰਿਕਾਰਡ ਮੰਗਿਆ ਤਾਂ ਉਸ ਵਿੱਚ ਇੱਕ ਵੀ ਸ਼ਬਦ ਪੜ੍ਹਨ ਯੋਗ ਨਹੀਂ ਸੀ, ਕੁਝ ਵੀ ਸਮਝਣ ਯੋਗ ਨਹੀਂ ਸੀ।
ਇਸ 'ਤੇ ਹਾਈ ਕੋਰਟ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 21 ਤਹਿਤ ਦਿੱਤੇ ਗਏ ਜੀਵਨ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰ ਵਿੱਚ ਇਹ ਵੀ ਸ਼ਾਮਲ ਹੈ ਕਿ ਮਰੀਜ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰ ਉਸਨੂੰ ਕਿਹੜੀ ਦਵਾਈ ਦੇ ਰਿਹਾ ਹੈ ਅਤੇ ਉਸਨੂੰ ਕੀ ਇਲਾਜ ਦਿੱਤਾ ਜਾ ਰਿਹਾ ਹੈ। ਜੇਕਰ ਡਾਕਟਰ ਦੁਆਰਾ ਲਿਖਿਆ ਗਿਆ ਨੁਸਖ਼ਾ ਸਮਝ ਵਿੱਚ ਨਹੀਂ ਆਉਂਦਾ, ਤਾਂ ਇਹ ਮਰੀਜ਼ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ। ਇਸ ਲਈ, ਹਾਈ ਕੋਰਟ ਨੇ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਹੁਕਮ ਦਿੱਤਾ ਹੈ ਕਿ ਉਹ ਸਾਰੇ ਡਾਕਟਰਾਂ ਨੂੰ ਹੁਕਮ ਜਾਰੀ ਕਰਨ ਕਿ ਉਹ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਨੁਸਖ਼ੇ ਵਿੱਚ ਸਿਰਫ ਵੱਡੇ ਅੱਖਰਾਂ ਦੀ ਵਰਤੋਂ ਕਰਨ।
ਇਸ ਤੋਂ ਇਲਾਵਾ, ਕੇਂਦਰ ਸਰਕਾਰ ਨੂੰ ਘੱਟੋ-ਘੱਟ ਮਾਪਦੰਡ ਤੈਅ ਕਰਨ ਅਤੇ ਉਨ੍ਹਾਂ ਨੂੰ ਗਜ਼ਟ ਵਿੱਚ ਸੂਚਿਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਦੋ ਸਾਲਾਂ ਦੇ ਅੰਦਰ ਸਾਰੇ ਡਾਕਟਰਾਂ ਨੂੰ ਟਾਈਪ ਕੀਤੇ ਨੁਸਖੇ ਦੇਣੇ ਚਾਹੀਦੇ ਹਨ ਅਤੇ ਡਾਕਟਰਾਂ ਦੀ ਸਿਖਲਾਈ/ਜਾਗਰੂਕਤਾ ਵਧਾਈ ਜਾਣੀ ਚਾਹੀਦੀ ਹੈ।
ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਡਾਕਟਰਾਂ ਦੇ ਸਿਲੇਬਸ ਵਿੱਚ ਉਨ੍ਹਾਂ ਦੀ ਮੈਡੀਕਲ ਪੜ੍ਹਾਈ ਦੌਰਾਨ ਸਪੱਸ਼ਟ ਹੱਥ ਲਿਖਤ ਦੀ ਮਹੱਤਤਾ ਨੂੰ ਸ਼ਾਮਲ ਕਰਨ ਦਾ ਹੁਕਮ ਦਿੱਤਾ ਗਿਆ ਹੈ।
- PTC NEWS