Patiala News : ਹਾਈ ਕੋਰਟ ਨੇ DC ਪਟਿਆਲਾ ਦੀ ਤਨਖਾਹ ਕੀਤੀ ਜ਼ਬਤ! ਕਾਲੀ ਮਾਤਾ ਮੰਦਰ ਨਾਲ ਸਬੰਧਤ ਹੈ ਮਾਮਲਾ
Shri Kali Mata Mandir Pujari salary case : ਪੰਜਾਬ-ਹਰਿਆਣਾ ਹਾਈ ਕੋਰਟ (High Court) ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਨਾਲ ਸਬੰਧਤ ਇੱਕ ਮਾਮਲੇ ਵਿੱਚ ਡੀਸੀ ਪਟਿਆਲਾ (DC Patiala) ਦੀ ਤਨਖਾਹ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਹਾਈਕੋਰਟ ਨੇ ਅਦਾਲਤੀ ਦੇ ਹੁਕਮਾਂ ਦੇ ਬਾਵਜੂਦ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਪੁਜਾਰੀ ਦੀ ਤਨਖਾਹ ਜਾਰੀ ਨਾ ਕਰਨ 'ਤੇ ਇਹ ਹੁਕਮ ਦਿੱਤੇ ਹਨ।
ਕੀ ਹੈ ਪੂਰਾ ਮਾਮਲਾ ?
ਬੈਰਿਸਟਰ ਰੂਬਲ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਪੁਜਾਰੀ ਸ਼ੂਰਵੀਰ ਸਿੰਘ 29 ਸਾਲਾਂ ਤੋਂ ਇਸ ਮੰਦਰ ਵਿੱਚ ਪੁਜਾਰੀ ਵਜੋਂ ਕੰਮ ਕਰ ਰਹੇ ਸਨ। ਪਰ ਇਸ ਸਾਲ ਜਨਵਰੀ ਤੋਂ ਉਨ੍ਹਾਂ ਨੂੰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ ਗਈ ਸੀ। ਬਾਅਦ ਵਿੱਚ 1 ਅਪ੍ਰੈਲ ਨੂੰ ਉਨ੍ਹਾਂ ਨੂੰ ਪੁਜਾਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ।
ਜਦੋਂ ਸ਼ੂਰਵੀਰ ਸਿੰਘ ਨੇ ਇਸ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਤਾਂ ਹਾਈ ਕੋਰਟ ਨੇ ਉਨ੍ਹਾਂ ਨੂੰ ਹਟਾਉਣ ਦੇ ਹੁਕਮਾਂ 'ਤੇ ਰੋਕ ਲਗਾ ਦਿੱਤੀ। ਜਦੋਂ ਸਟੇਅ ਦੇ ਬਾਵਜੂਦ ਉਨ੍ਹਾਂ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ, ਤਾਂ ਸ਼ੂਰਵੀਰ ਸਿੰਘ ਨੇ ਪਟਿਆਲਾ ਦੇ ਡੀਸੀ, ਜੋ ਕਿ ਇਸ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਹਨ, ਵਿਰੁੱਧ ਮਾਣਹਾਨੀ ਪਟੀਸ਼ਨ ਦਾਇਰ ਕੀਤੀ।
ਹਾਈਕੋਰਟ ਨੇ ਪੁਜਾਰੀ ਦੀ ਤਨਖਾਹ ਜਾਰੀ ਕਰਨ ਦੇ ਦਿੱਤੇ ਹੁਕਮ
ਅੱਜ ਇਸ ਪਟੀਸ਼ਨ 'ਤੇ ਹਾਈ ਕੋਰਟ ਨੇ ਡੀਸੀ ਨੂੰ ਨੋਟਿਸ ਜਾਰੀ ਕਰਕੇ ਪੁਜਾਰੀ ਦੀ ਤਨਖਾਹ ਜਾਰੀ ਕਰਨ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ਦੇ ਬਾਵਜੂਦ, ਪੁਜਾਰੀ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ, ਇਸ ਲਈ ਹਾਈ ਕੋਰਟ ਨੇ ਹੁਣ ਸਖ਼ਤ ਰੁਖ਼ ਅਪਣਾਉਂਦੇ ਹੋਏ ਡੀਸੀ ਪਟਿਆਲਾ ਦੀ ਤਨਖਾਹ 28 ਜੁਲਾਈ ਤੱਕ ਅਟੈਚ ਕਰ ਦਿੱਤੀ ਹੈ, ਯਾਨੀ ਕਿ ਡੀਸੀ ਦੀ ਤਨਖਾਹ ਜਾਰੀ ਕਰਨ 'ਤੇ ਰੋਕ ਲਗਾ ਕੇ, ਉਨ੍ਹਾਂ ਨੂੰ 28 ਜੁਲਾਈ ਤੱਕ ਹਾਈ ਕੋਰਟ ਦੇ ਹੁਕਮਾਂ 'ਤੇ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ ਹੈ।
- PTC NEWS