Punjab Cabinet Decisions : 'ਜਿਸਦਾ ਖੇਤ, ਉਸ ਦੀ ਰੇਤ' ਸਕੀਮ ਤੋਂ ਲੈ ਕੇ ਮ੍ਰਿਤਕ ਲਈ 4 ਲੱਖ ਰੁਪਏ ਮੁਆਵਜ਼ਾ, ਪੜ੍ਹੋ ਪੰਜਾਬ ਕੈਬਨਿਟ ਦੇ ਅਹਿਮ ਫੈਸਲੇ
Punjab Cabinet Decisions : ਪੰਜਾਬ 'ਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਹਰ ਪਾਸੇ ਤੋਂ ਘਿਰਦੀ ਨਜ਼ਰ ਆ ਰਹੀ ਸੀ। ਹੁਣ ਪੰਜਾਬ ਕੈਬਨਿਟ ਨੇ ਹੜ੍ਹ ਪੀੜਤਾਂ ਨੂੰ ਥੋੜ੍ਹੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 'ਜਿਸਦਾ ਖੇਤ, ਉਸਦੀ ਰੇਤ' ਸਕੀਮ ਨੂੰ ਮਨਜੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਜਿਹੀ ਹੀ 'ਕਿਸਾਨ ਦਾ ਖੇਤ - ਕਿਸਾਨ ਦੀ ਰੇਤ' ਸਕੀਮ ਦਾ ਐਲਾਨ ਕੀਤਾ ਗਿਆ ਸੀ।
31 ਦਸੰਬਰ ਤੱਕ ਬਿਨਾਂ ਪਰਮਿਟ ਰੇਤਾ ਵੇਚ ਸਕਣਗੇ ਕਿਸਾਨ
ਪੰਜਾਬ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਨੇ ਕਿਸਾਨਾਂ ਖਾਤਰ ਕਈ ਅਹਿਮ ਫੈਸਲੇ ਲਏ ਹਨ, ਜਿਸ ਵਿੱਚ 'ਜਿਸਦਾ ਖੇਤ, ਉਸ ਦੀ ਰੇਤ' ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤਾਂ 'ਚ 3-4 ਫੁੱਟ ਰੇਤ ਭਰ ਗਈ ਹੈ ਅਤੇ 31 ਦਸੰਬਰ ਤੱਕ ਕਿਸਾਨ ਇਸ ਰੇਤ ਨੂੰ ਬਾਜ਼ਾਰ ਵਿੱਚ ਵੇਚ ਸਕਣਗੇ, ਜਿਸ ਲਈ ਕਿਸੇ ਪਰਮਿਟ ਦੀ ਲੋੜ ਨਹੀਂ ਹੋਵੇਗੀ।
ਪ੍ਰਤੀ ਏਕੜ 20 ਹਜ਼ਾਰ ਅਤੇ ਮ੍ਰਿਤਕ ਦੇ ਪੀੜਤਾਂ ਨੂੰ ਮੁਆਵਜ਼ੇ ਦਾ ਐਲਾਨ
ਇਸ ਦੇ ਨਾਲ ਹੀ ਹੜ੍ਹਾਂ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪੀੜਤਾਂ ਨੂੰ ਪ੍ਰਤੀ ਵਿਅਕਤੀ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਜਿਨ੍ਹਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਦਾ ਸਰਵੇ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ। ਫਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਇਹ ਹੁਣ ਤੱਕ ਕਿਸੇ ਵੀ ਰਾਜ ਸਰਕਾਰ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ। ਮੁਆਵਜ਼ੇ ਦੇ ਚੈੱਕ ਸਿੱਧੇ ਕਿਸਾਨਾਂ ਨੂੰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਪੰਜਾਬ ਕੈਬਨਿਟ ਵੱਲੋਂ ਹੋਰ ਲਏ ਗਏ ਅਹਿਮ ਫੈਸਲੇ...
ਅਕਾਲੀ ਦਲ ਨੇ ਕੀਤਾ ਸੀ 'ਕਿਸਾਨ ਦਾ ਖੇਤ- ਕਿਸਾਨ ਦੀ ਰੇਤ' ਸਕੀਮ ਦਾ ਐਲਾਨ
7 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਕਈ ਇਲਾਕਿਆਂ ਦੇ ਦੌਰੇ ਉੱਤੇ ਸਨ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਦਿਆਂ ਇੱਕ ਵੱਡਾ ਐਲਾਨ ਕਰ ਦਿੱਤਾ। ਲੁਧਿਆਣਾ ਦੇ ਇਲਾਕਿਆਂ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ, ‘‘ਕਿਸਾਨ ਦਾ ਖੇਤ - ਕਿਸਾਨ ਦੀ ਰੇਤ’‘ ਉਨ੍ਹਾਂ ਅੱਗੇ ਕਿਹਾ ਕਿ ਦਰਿਆਵਾਂ ਦੇ ਬੰਨ੍ਹ ਟੁੱਟਣ ਨਾਲ ਖੇਤਾਂ 'ਚ ਹੜ੍ਹ ਦੇ ਨਾਲ ਇਕੱਠੀ ਹੋਈ ਰੇਤ ਦਾ ਮਾਲਕ ਖੇਤ ਵਾਲਾ ਹੀ ਹੋਵੇਗਾ, ਰੋਕਣ ਦੀ ਕੋਸ਼ਿਸ਼ ਹੋਈ ਤਾਂ ਅਕਾਲੀ ਦਲ ਡਟ ਕੇ ਖੜ੍ਹੇਗਾ।
- PTC NEWS