Congress MP Sukhjinder Singh Randhawa ਨੇ ਸੀਐੱਮ ਮਾਨ ਨੂੰ ਲਿਖਿਆ ਪੱਤਰ; ਅੰਮ੍ਰਿਤਸਰ-ਗੁਰਦਾਸਪੁਰ ਹੜ੍ਹ ਦਾ ਚੁੱਕਿਆ ਮੁੱਦਾ
Congress MP Sukhjinder Singh Randhawa : ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ-ਗੁਰਦਾਸਪੁਰ ਹੜ੍ਹਾਂ ਬਾਰੇ ਗੰਭੀਰ ਸਵਾਲ ਉਠਾਏ ਹਨ। ਰੰਧਾਵਾ ਨੇ ਕਿਹਾ ਕਿ ਸਿਰਫ਼ ਜੂਨੀਅਰ ਇੰਜੀਨੀਅਰਾਂ ਨੂੰ ਸਜ਼ਾ ਦੇਣਾ ਕਾਫ਼ੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇੱਕ ਕਾਰਜ਼ਕਾਰੀ ਇੰਜੀਨੀਅਰ ਅਤੇ ਐਸ ਡੀ ਓ ਨੂੰ ਮੁਅੱਤਲ ਕਰਕੇ ਮਸਲਾ ਠੱਪ ਨਹੀਂ ਕਰ ਸਕਦੀ। ਸਰਕਾਰ ਸਪਸ਼ਟ ਕਰੇ ਕਿ ਰਣਜੀਤ ਸਾਗਰ ਡੈਮ ਤੋਂ ਬੇਤਹਾਸ਼ਾ ਪਾਣੀ ਛੱਡਣ ਦੀ ਇਜ਼ਾਜਤ ਕਿਸਨੇ ਦਿੱਤੀ। ਪਾਣੀ ਛੱਡਣ ਤੋਂ ਪਹਿਲਾਂ ਮਾਧੋਪੁਰ ਹੈੱਡਵਰਕਸ ਅਤੇ ਸੰਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਿਉਂ ਨਹੀਂ ਕੀਤਾ ਗਿਆ। ਇਸ ਸਮੇਂ ਦੌਰਾਨ ਰਣਜੀਤ ਸਾਗਰ ਡੈਮ ਉਤੇ ਉਪਸਥਿਤ ਅਧਿਕਾਰੀਆਂ ਦੇ ਨਾਮ ਜਨਤਕ ਕੀਤੇ ਜਾਣ।
ਉਨ੍ਹਾਂ ਨੇ ਇਸ ਤਬਾਹੀ ਨੂੰ ਰੋਕਿਆ ਕਿਉਂ ਨਹੀਂ। ਕਿਸਦੀ ਸ਼ਹਿ ਉੱਤੇ ਪੰਜਾਬ ਦੀ ਬਰਬਾਦੀ ਦੀ ਇਹ ਕਹਾਣੀ ਬੇਹਿਸਾਬ ਪਾਣੀ ਛੱਡ ਕੇ ਲਿਖੀ ਜਾ ਰਹੀ ਸੀ।ਇੰਨੇ ਸੰਜ਼ੀਦਾ ਸਮੇਂ ਡੈਮ,ਸਰੋਵਰ ਅਤੇ ਹੋਰ ਡਾਊਨ ਸਟਰੀਮਾਂ ਦੇ ਪਾਣੀ ਦੇ ਲੈਵਲ ਅਤੇ ਮਾਧੋਪੁਰ ਹੈੱਡਵਰਕਸ ਦੇ ਤਕਨੀਕੀ ਪੱਖਾਂ ਦਾ ਪੂਰਵ ਮੁਲਾਂਕਣ ਕਿਉਂ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹਨਾਂ ਹੜ੍ਹਾਂ ਨੂੰ ਹੋਰ ਭਿਆਨਕ ਬਣਾਉਣ ਵਿੱਚ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਇਹ ਕਹਿ ਰਹੇ ਹਨ ਕਿ ਕੁਝ ਵਾਧੂ ਪਾਣੀ ਸ਼ਾਹਪੁਰ ਕੰਡੀ ਅਤੇ ਮਾਧੋਪੁਰ ਨੇੜਲੀਆਂ ਖੜਦਾਂ ਵਿਚੋਂ ਵੀ ਆਇਆ ਸੀ ਜੋ ਕਿ ਸਿਰਫ ਤੇ ਸਿਰਫ ਪ੍ਰਸਾਸ਼ਨਿਕ ਨਾਕਾਮੀ ਅਤੇ ਜ਼ਿੰਮੇਵਾਰੀ ਤੋਂ ਬਚਣ ਵਾਸਤੇ ਗੁੰਮਰਾਹਕੁੰਨ ਬਿਆਨ ਹੈ,ਇਸ ਲਈ ਇਹ ਦੱਸਿਆ ਜਾਵੇ ਕਿ ਉਕਤ ਇਲਾਕੇ ਵਿੱਚ ਕਿੰਨੀਆਂ ਖੱਡਾਂ ਹਨ ਅਤੇ ਉਨ੍ਹਾਂ ਦੀ ਡਿਸਚਾਰਜ਼ ਸਮਰੱਥਾ ਕਿੰਨੀ ਹੈ। ਸਰਦਾਰ ਰੰਧਾਵਾ ਨੇ ਕਿਹਾ ਕਿ ਇਸ ਹੜ੍ਹ ਰੂਪੀ ਤਬਾਹੀ ਪਿੱਛੇ ਲੁਕਾਈ ਜਾ ਰਹੀ ਅਸਲੀਅਤ ਨੂੰ ਲੋਕ ਭਲੀ ਭਾਂਤ ਜਾਣਦੇ ਹਨ।
ਇਸ ਲਈ ਛੋਟੇ ਪੱਧਰ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਉੱਤੇ ਇਹਨਾਂ ਹੜ੍ਹਾਂ ਨੂੰ ਹੋਰ ਭਿਆਨਕ ਅਤੇ ਤਬਾਹਕੁੰਨ ਬਣਾਉਣ ਦੀ ਜ਼ਿੰਮੇਵਾਰੀ ਨਾ ਸੁੱਟ ਕੇ ਅਸਲ ਜ਼ਿੰਮੇਵਾਰ ਅਫ਼ਸਰਾਂ ਅਤੇ ਸ਼ਕਤੀਆਂ ਨੂੰ ਨਿਰਪੱਖ,ਇਮਾਨਦਾਰ,ਸਪਸ਼ਟ ਅਤੇ ਪਾਰਦਰਸ਼ੀ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ ਨਹੀਂ ਤਾਂ ਉਨ੍ਹਾਂ ਕੋਲ ਇਹ ਮਸਲਾ ਲੋਕ ਕਚਹਿਰੀ ਅਤੇ ਸੰਸਦ ਵਿੱਚ ਉਠਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ।
ਇਹ ਵੀ ਪੜ੍ਹੋ : Punjab Stubble Burning Case : ਪੰਜਾਬ ਭਰ ’ਚ 5 ਦਿਨਾਂ ’ਚ ਪਰਾਲੀ ਸਾੜਨ ਦੇ 27 ਮਾਮਲੇ ਆਏ ਸਾਹਮਣੇ, ਇਸ ਜ਼ਿਲ੍ਹੇ ’ਚ ਸਭ ਤੋਂ ਵੱਧ ਮਾਮਲੇ
- PTC NEWS