CM Mann vs Punjab Farmers : ਬੇਸਿੱਟਾ ਰਹੀ ਮੀਟਿੰਗ, ਕਿਸਾਨਾਂ ਨੂੰ ਧਮਕੀ ! ਕਿਸਾਨਾਂ ਦਾ ਇਲਜ਼ਾਮ ਗੁੱਸੇ 'ਚ ਮੀਟਿੰਗ ਛੱਡ ਨਿਕਲੇ ਮਾਨ, CM ਨੇ ਦਿੱਤੀ ਸਫ਼ਾਈ
Farmer News : ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂਆਂ ਵਿਚਾਲੇ ਮੰਗਾਂ ਨੂੰ ਲੈ ਕੇ ਅੱਜ ਹੋਈ ਮੀਟਿੰਗ ਬਿਨਾਂ ਕਿਸੇ ਨਤੀਜੇ ਜਾਂ ਮੰਗਾਂ 'ਤੇ ਸਹਿਮਤੀ ਤੋਂ ਖਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ 'ਚ ਭਖਵਾਂ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸੀਐਮ ਮਾਨ, ਮੀਟਿੰਗ ਵਿਚਾਲੇ ਛੱਡ ਕੇ ਹੀ ਚਲੇ ਗਏ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਸੀਐਮ (CM Mann Meeting with farmers) ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਨਾਲ ਇਹ ਮੀਟਿੰਗ ਸੀਐਮ ਪੰਜਾਬ ਬਨਾਮ ਕਿਸਾਨ ਹੋ ਨਿਬੜੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਮੀਟਿੰਗ ਉਪਰੰਤ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਚਲੇ ਜਾਣ ਪਿੱਛੋਂ ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ ਸਮੇਤ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਿੱਧਾ ਧਮਕਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਅੱਜ ਤੱਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਕਈ ਵਾਰ ਸਰਕਾਰਾਂ ਵੇਖੀਆਂ, ਪਰ ਕਿਸੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਖੁਦ ਮੁੱਖ ਮੰਤਰੀ ਨੇ ਸੱਦੀ ਸੀ। ਸੀਐਮ ਨੇ ਮੀਟਿੰਗ ਸ਼ੁਰੂ ਹੋਣ ਸਮੇਂ ਕਿਸਾਨਾਂ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਖੁੱਲ੍ਹਾ ਸਮਾਂ ਹੈ ਪਰ ਫਿਰ ਜਦੋਂ 7-8 ਮੁੱਦਿਆਂ 'ਤੇ ਗੱਲਬਾਤ ਹੋਈ ਤਾਂ ਇਸ ਪਿੱਛੋਂ ਉਹ ਅੱਖ 'ਚ ਇਨਫੈਕਸ਼ਨ ਦਾ ਬਹਾਨਾ ਬਣਾ ਕੇ ਮੀਟਿੰਗ ਛੱਡ ਕੇ ਚਲੇ ਗਏ। ਦੱਸ ਦਈਏ ਕਿ ਸੀਐਮ ਮਾਨ ਨਾਲ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹੇ, ਪਰ ਉਨ੍ਹਾਂ ਦਾ ਵੀ ਬਿਆਨ ਸਾਹਮਣੇ ਨਹੀਂ ਆਇਆ।
ਆਗੂਆਂ ਨੇ ਕਿਹਾ ਕਿ ਸੀਐਮ ਨੇ ਸਿਰਫ਼ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਨ 'ਤੇ ਸਹਿਮਤੀ ਦਿੱਤੀ। ਉਪਰੰਤ ਪਹਿਲਾਂ 5 ਤਰੀਕ ਦਾ ਧਰਨਾ ਸਮਾਪਤ ਕਰਨ ਬਾਰੇ ਗੁੱਸੇ ਵਿੱਚ ਕਿਹਾ ਅਤੇ ਬਾਕੀ ਮੰਗਾਂ 'ਤੇ ਲਾਰਾ ਲਾਉਣ ਦੀ ਰਣਨੀਤੀ ਅਪਣਾਈ, ਜਿਸ ਪਿੱਛੋਂ ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਜਾਓ ਜੋ ਕਰਨਾ ਹੈ ਕਰ ਲਓ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਸਿੱਧਾ ਕਿਹਾ ਕਿ 5 ਤਰੀਕ ਨੂੰ ਜੋ ਇਕੱਠ ਕਰਨਾ ਹੈ ਕਰ ਲਓ।
ਮੁੱਖ ਮੰਤਰੀ ਨੇ ਦਿੱਤੀ ਸਫ਼ਾਈ
ਉਧਰ, ਕਿਸਾਨਾਂ ਵੱਲੋਂ ਇਲਜ਼ਾਮ ਲਾਏ ਜਾਣ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਐਕਸ 'ਤੇ ਮੀਟਿੰਗ 'ਚ ਹੰਗਾਮੇ 'ਤੇ ਸਫ਼ਾਈ ਦਿੱਤੀ ਹੈ।
ਮੁੱਖ ਮੰਤਰੀ ਨੇ ਲਿਖਿਆ, ''ਮੈਂ ਕਿਸਾਨਾਂ ਨੂੰ ਧਰਨੇ ਨਾ ਲਗਾਉਣ ਦੀ ਅਪੀਲ ਕੀਤੀ, ਆਮ ਲੋਕਾਂ ਦੀ ਖੱਜਲ-ਖੁਆਰੀ ਦਾ ਹਵਾਲਾ ਦਿੱਤਾ ਸੀ।''
- PTC NEWS