Mohali News : ਸਾਬਕਾ ਡੀਐਸਪੀ ਰਾਕਾ ਗੇਰਾ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸਜ਼ਾ ਕੀਤੀ ਮੁਅੱਤਲ
Former DSP Raka Gera : ਮੋਹਾਲੀ ਦੀ ਸਾਬਕਾ ਡੀਐਸਪੀ ਰਾਕਾ ਗੇਰਾ ਨੂੰ ਇੱਕ ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਸਾਬਕਾ ਡੀਐਸਪੀ ਨੂੰ ਈਡੀ ਵੱਲੋਂ ਸੁਣਾਈ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਉਸ ਨੂੰ ਜ਼ਮਾਨਤ ਵੀ ਮਿਲ ਗਈ ਹੈ।
ਦੱਸ ਦਈਏ ਕਿ CBI ਅਦਾਲਤ ਨੇ ਸਾਬਕਾ ਡੀਐਸਪੀ ਨੂੰ ਇੱਕ ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਦੋਸ਼ੀ ਪਾਇਆ। ਦੋਸ਼ੀ ਪਾਏ ਪਿੱਛੋਂ 6 ਫਰਵਰੀ ਨੂੰ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਰਾਕਾ ਗੇਰਾ ਨੂੰ ਦੋਸ਼ੀ ਠਹਿਰਾਉਂਦਿਆਂ 6 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਐਡਵੋਕੇਟ ਨਿਖਿਲ ਘਈ ਨੇ ਦੱਸਿਆ ਕਿ ਸਜ਼ਾ ਦੇ ਫੈਸਲੇ ਵਿਰੁੱਧ ਰਾਕਾ ਗੇਰਾ ਦੀ ਅਪੀਲ 'ਤੇ ਫਰਵਰੀ 'ਚ ਹਾਈ ਕੋਰਟ ਨੇ ਉਸ 'ਤੇ ਲਗਾਏ ਗਏ ਜੁਰਮਾਨੇ 'ਤੇ ਰੋਕ ਲਾ ਦਿੱਤੀ ਸੀ ਪਰ ਸਜ਼ਾ ਨੂੰ ਮੁਅੱਤਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਪਿੱਛੋਂ ਵੀਰਵਾਰ ਹਾਈਕੋਰਟ ਨੇ ਰਾਕਾ ਗੇਰਾ ਦੀ ਸਜ਼ਾ ਨੂੰ ਵੀ ਮੁਅੱਤਲ ਕਰਦਿਆਂ ਉਸ ਦੀ ਜ਼ਮਾਨਤ 'ਤੇ ਰਿਹਾਈ ਦੇ ਹੁਕਮ ਦਿੱਤੇ ਹਨ |
ਜ਼ਿਕਰਯੋਗ ਹੈ ਕਿ ਬਿਲਡਰ ਕੇ.ਕੇ. ਮਲਹੋਤਰਾ ਵਾਸੀ ਮੁੱਲਾਂਪੁਰ, ਮੁਹਾਲੀ ਦੀ ਸ਼ਿਕਾਇਤ ’ਤੇ 25 ਜੁਲਾਈ 2011 ਨੂੰ ਸੀਬੀਆਈ ਨੇ ਰਾਕਾ ਗੇਰਾ ਨੂੰ ਸੈਕਟਰ-15, ਚੰਡੀਗੜ੍ਹ ਦੀ ਕੋਠੀ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ।
- PTC NEWS