Live In Relationship Case : ''ਅਦਾਲਤਾਂ ਰਿਸ਼ਤਿਆਂ ਨੂੰ ਜੋੜਦੀਆਂ ਵੀ ਹਨ...'' ਜਾਣੋ 'ਪਿਆਰ ਦੀ ਅਜਬ' ਕਹਾਣੀ ਨੂੰ ਹਾਈਕੋਰਟ ਨੇ ਕਿਵੇਂ ਕੀਤਾ ਹੱਲ
Live In Relationship Case : ਅਦਾਲਤਾਂ ਸਿਰਫ਼ ਸਜ਼ਾਵਾਂ ਹੀ ਨਹੀਂ ਦਿੰਦੀਆਂ ਅਤੇ ਨਾ ਹੀ ਸਿਰਫ਼ ਫੈਸਲੇ ਸੁਣਾਉਂਦੀਆਂ ਹਨ, ਸਗੋਂ ਕਈ ਵਾਰ ਇਹ ਟੁੱਟੇ ਹੋਏ ਪਰਿਵਾਰਾਂ ਨੂੰ ਜੋੜਨ ਵਿੱਚ ਵੀ ਮਦਦ ਕਰਦੀਆਂ ਹਨ। ਪੰਜਾਬ-ਹਰਿਆਣਾ ਹਾਈਕੋਰਟ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬੈਂਚ ਨੇ ਇੱਕ ਨਾਬਾਲਿਗ ਮੁੰਡੇ ਤੇ ਉਸ ਤੋਂ 5 ਸਾਲ ਵੱਡੀ ਕੁੜੀ ਨੂੰ ਸਮਝਾ-ਬੁਝਾ ਕੇ ਵਾਪਸ ਘਰ ਭੇਜਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਇੱਕ ਪ੍ਰੇਮੀ ਜੋੜੇ ਵੱਲੋਂ ਆਪਣੇ-ਆਪਣੇ ਪਰਿਵਾਰਾਂ ਤੋਂ ਸੁਰੱਖਿਆ ਦੀ ਮੰਗ ਨੂੰ ਲੈ ਕੇ ਸੀ, ਜਿਸ ਵਿੱਚ 17 ਸਾਲਾ ਨੌਜਵਾਨ ਇੱਕ ਬਾਲਗ ਕੁੜੀ (22 ਸਾਲ) ਨਾਲ ਭੱਜ ਗਿਆ ਸੀ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਿਆਂ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕਰ ਰਿਹਾ ਸੀ।
ਦੋਵੇਂ ਪਰਿਵਾਰ ਇਸ ਰਿਸ਼ਤੇ ਦੇ ਵਿਰੁੱਧ ਸਨ, ਜਿਸ ਕਾਰਨ ਇਸ ਪ੍ਰੇਮੀ ਜੋੜੇ ਨੇ ਹਾਈ ਕੋਰਟ ਤੋਂ ਸੁਰੱਖਿਆ ਮੰਗੀ ਸੀ। ਜਦੋਂ ਦੋਵਾਂ ਨੇ ਹਾਈ ਕੋਰਟ ਤੋਂ ਸੁਰੱਖਿਆ ਮੰਗੀ ਤਾਂ ਹਾਈ ਕੋਰਟ ਨੇ ਦੋਵਾਂ ਨੂੰ ਸਮਝਾਇਆ, ਮੁੰਡੇ ਨੂੰ ਦੁਬਾਰਾ ਆਪਣੇ ਮਾਪਿਆਂ ਨਾਲ ਰਹਿਣ ਲਈ ਰਾਜ਼ੀ ਕੀਤਾ ਅਤੇ ਕਿਹਾ ਕਿ ਜਦੋਂ ਤੁਸੀਂ ਬਾਲਗ ਹੋ ਜਾਓਗੇ, ਤਾਂ ਇਸ ਰਿਸ਼ਤੇ ਬਾਰੇ ਫੈਸਲਾ ਲਓ, ਹੁਣੇ ਇਸ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਹੈ।
ਨਾਲ ਹੀ, ਮੁੰਡੇ ਦੇ ਮਾਪਿਆਂ ਨੂੰ ਸਮਝਾਇਆ ਗਿਆ ਕਿ ਉਨ੍ਹਾਂ ਨੂੰ ਮੁੰਡੇ 'ਤੇ ਬੇਲੋੜਾ ਦਬਾਅ ਨਹੀਂ ਪਾਉਣਾ ਚਾਹੀਦਾ ਅਤੇ ਉਸਨੂੰ ਕਿਸੇ ਹੋਰ ਨਾਲ ਵਿਆਹ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਮਾਪਿਆਂ ਨੇ ਵੀ ਹਾਈ ਕੋਰਟ ਦੀ ਗੱਲ ਮੰਨੀ ਅਤੇ ਹਲਫ਼ਨਾਮਾ ਦਿੱਤਾ ਕਿ ਉਹ ਆਪਣੇ ਪੁੱਤਰ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਾਉਣਗੇ।
ਹਾਈਕੋਰਟ ਦੇ ਜੱਜਾਂ ਨੇ ਮੁੰਡੇ-ਕੁੜੀ ਤੇ ਪਰਿਵਾਰਾਂ ਨੂੰ ਸਮਝਾ-ਬੁਝਾ ਕੇ ਮਸਲਾ ਹੱਲ ਕੀਤਾ, ਜਿਸ ਸਾਰੀਆਂ ਧਿਰਾਂ ਨੇ ਹਾਮੀ ਭਰੀ। ਨਾਬਾਲਗ ਮੁੰਡਾ ਵੀ ਇਸ ਗੱਲ 'ਤੇ ਸਹਿਮਤ ਹੋ ਗਿਆ ਅਤੇ ਆਪਣੇ ਮਾਪਿਆਂ ਨਾਲ ਘਰ ਵਾਪਸ ਜਾਣ ਲਈ ਤਿਆਰ ਹੋ ਗਿਆ ਅਤੇ ਕੁੜੀ ਵੀ ਆਪਣੀ ਭੈਣ ਨਾਲ ਚਲੀ ਗਈ।
- PTC NEWS