Gangster in Punjab : ਪੰਜਾਬ 'ਚ ਕਿੰਨੇ ਗੈਂਗਸਟਰ ਨਾਮਜ਼ਦ ਅਤੇ ਉਨ੍ਹਾਂ ਵਿਚੋਂ ਹਰੇਕ 'ਤੇ ਕਿੰਨੇ ਕੇਸ ਦਰਜ ? ਹਾਈਕੋਰਟ ਨੇ ਡੀਜੀਪੀ ਨੂੰ ਕੀਤਾ ਤਲਬ
Gangster in Punjab : ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਗੈਂਗਸਟਰਵਾਦ ਦੇ ਇੱਕ ਮਾਮਲੇ 'ਚ ਪਟੀਸ਼ਨ 'ਤੇ ਡੀਜੀਪੀ ਪੰਜਾਬ ਨੂੰ ਤਲਬ ਕੀਤਾ ਹੈ। ਹਾਈਕੋਰਟ ਨੇ ਡੀਜੀਪੀ ਤੋਂ ਜਾਣਕਾਰੀ ਮੰਗੀ ਹੈ ਕਿ ਪੰਜਾਬ 'ਚ ਕਿੰਨੇ ਗੈਂਗਸਟਰਾਂ ਦੀ ਸੂਚਨਾ ਮਿਲੀ ਹੈ ਅਤੇ ਉਨ੍ਹਾਂ 'ਚੋਂ ਹਰੇਕ 'ਤੇ ਕਿੰਨੇ ਕੇਸ ਦਰਜ ਹਨ? ਹਾਈ ਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਜਾਣਕਾਰੀ ਮੰਗੀ ਹੈ।
ਹਾਈਕੋਰਟ ਨੇ ਹੁਣ ਪੰਜਾਬ ਦੇ ਡੀਜੀਪੀ ਤੋਂ ਪੂਰੀ ਜਾਣਕਾਰੀ ਮੰਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਕਿੰਨੇ ਗੈਂਗਸਟਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਨੋਟੀਫਾਈ ਕੀਤੇ ਗਏ ਹਰੇਕ ਗੈਂਗਸਟਰ ਖਿਲਾਫ ਕਿੰਨੇ ਅਪਰਾਧਿਕ ਮਾਮਲੇ ਦਰਜ ਹਨ।
ਕੀ ਹੈ ਮਾਮਲਾ
ਇਹ ਪਟੀਸ਼ਨ ਬਠਿੰਡਾ ਵਿੱਚ ਇੱਕ ਇੰਸਟੀਚਿਊਟ ਚਲਾਉਣ ਵਾਲੇ ਨੌਜਵਾਨ ਵੱਲੋਂ ਦਾਇਰ ਕੀਤੀ ਗਈ ਹੈ, ਜਿਸ ਵਿੱਚ ਇਸ ਵਿਅਕਤੀ ਨੇ ਦੱਸਿਆ ਹੈ ਕਿ ਉਹ ਇੱਕ ਇੰਸਟੀਚਿਊਟ ਚਲਾਉਂਦਾ ਹੈ ਅਤੇ ਪਿਛਲੇ ਸਾਲ ਗੈਂਗਸਟਰ ਅਰਸ਼ ਡੱਲਾ ਵੱਲੋਂ ਉਸ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਅਰਸ਼ ਡੱਲਾ ਦੇ ਕੁਝ ਸਾਥੀ ਉਸ ਨੂੰ ਫੋਨ 'ਤੇ ਧਮਕੀਆਂ ਦਿੰਦੇ ਰਹੇ, ਜਿਸ ਬਾਰੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਪਟੀਸ਼ਨਕਰਤਾ ਦਾ ਫੋਨ ਨੰਬਰ ਸਰਵੀਲੈਂਸ 'ਤੇ ਪਾ ਦਿੱਤਾ ਅਤੇ ਉਸ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਪਰ ਇਸ ਸਾਲ ਦੀ ਸ਼ੁਰੂਆਤ 'ਚ ਬਿਨਾਂ ਕੋਈ ਕਾਰਨ ਦੱਸੇ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ।
ਪਟੀਸ਼ਨਰ ਨੇ ਸੁਰੱਖਿਆ ਲਈ ਬਠਿੰਡਾ ਦੇ ਐਸਐਸਪੀ ਨੂੰ ਮੰਗ ਪੱਤਰ ਵੀ ਦਿੱਤਾ ਸੀ, ਜਿਸ ’ਤੇ ਕੋਈ ਕਾਰਵਾਈ ਨਹੀਂ ਹੋਈ।
ਇਸ ਲਈ ਅਖੀਰ ਪਟੀਸ਼ਨਰ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪਟੀਸ਼ਨਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ। ਪਰ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੱਤਾ ਗਿਆ ਕਿ ਉਹ 19 ਮਾਰਚ ਨੂੰ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਦੱਸਣ ਕਿ ਪੰਜਾਬ ਵਿੱਚ ਕਿੰਨੇ ਗੈਂਗਸਟਰ ਹਨ, ਜਿਨ੍ਹਾਂ ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕਿੰਨੇ ਕੇਸ ਪੈਂਡਿੰਗ ਹਨ।
- PTC NEWS