Doda Army Vehicle Accident : ਸ਼ਹੀਦ ਜੋਬਨਜੀਤ ਸਿੰਘ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ
ਕੀਰਤਪੁਰ ਸਾਹਿਬ : ਰੋਪੜ ਦੇ ਰਹਿਣ ਵਾਲੇ ਸ਼ਹੀਦ ਫੌਜੀ ਜੋਬਨਜੀਤ ਸਿੰਘ ਦੀਆਂ ਅਸਥੀਆਂ ਅੱਜ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ਤੇ ਬਣੇ ਅਸਤ ਘਾਟ ਵਿਖੇ ਅਰਦਾਸ ਉਪਰੰਤ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਿੰਡ ਵਾਸੀ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਫੌਜੀ ਜਵਾਨਾਂ ਦੀ ਗੱਡੀ ਡਿਊਟੀ ਦੌਰਾਨ ਡੂੰਘੀ ਖੱਡ ਵਿੱਚ ਡਿੱਗ (Doda Army Vehicle Accident) ਗਈ ਸੀ, ਜਿਸ ਕਾਰਨ ਲਗਭਗ 10 ਫੌਜੀ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚ ਜ਼ਿਲ੍ਹਾ ਰੂਪਨਗਰ ਨਾਲ ਸਬੰਧਿਤ ਜੋਬਨਜੀਤ ਸਿੰਘ (Martyr Jobanjit Singh) ਵੀ ਸ਼ਾਮਲ ਸਨ।
11 ਮਾਰਚ 2000 ਨੂੰ ਜਨਮੇ ਜੋਬਨਜੀਤ ਸਿੰਘ ਨੇ ਲਗਭਗ 25 ਸਾਲ ਦੀ ਉਮਰ ਵਿੱਚ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਜਾਣਕਾਰੀ ਮੁਤਾਬਕ ਅਗਲੇ ਮਹੀਨੇ ਫਰਵਰੀ ਵਿੱਚ ਉਨ੍ਹਾਂ ਦਾ ਵਿਆਹ ਨਿਰਧਾਰਤ ਸੀ, ਪਰ ਇਸ ਦੁਖਦਾਈ ਘਟਨਾ ਨੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ। ਸ਼ਹੀਦ ਦੀ ਅਕਾਲ ਮੌਤ ਨਾਲ ਨਾ ਕੇਵਲ ਪਰਿਵਾਰ, ਸਗੋਂ ਪੂਰੇ ਜ਼ਿਲ੍ਹਾ ਰੂਪਨਗਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
- PTC NEWS