Hoshiarpur Murder : ਬੱਚੇ ਨੂੰ ਕੁੱਟਮਾਰ ਤੋਂ ਬਚਾਉਣਾ ਪਿਆ ਮਹਿੰਗਾ ! ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸ਼ਖਸ ਦਾ ਕੀਤਾ ਕਤਲ
Hoshiarpur News : ਹੁਸ਼ਿਆਰਪੁਰ ਦੇ ਮੁਹੱਲਾ ਸੈਣੀਆਂ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆ ਰਹੀ ਹੈ, ਜਿੱਥੇ ਕਿ ਬੀਤੀ ਰਾਤ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਰਾਜੀਵ ਸੈਣੀ ਵਜੋਂ ਹੋਈ ਹੈ, ਜਿਸਦੀ ਉਮਰ 48 ਸਾਲ ਦੇ ਕਰੀਬ ਹੈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਚੇਰੇ ਭਰਾ ਮੋਹਿਤ ਸੈਣੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਮੁਹੱਲੇ 'ਚ 14 ਸਾਲਾ ਬੱਚੇ ਦੀ ਕੁੱਝ ਮੁੰਡਿਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ। ਇਹ ਵੇਖ ਕੇ ਰਾਜੀਵ ਸੈਣੀ ਨੇ ਪੀੜਤ ਮੁੰਡੇ ਨੂੰ ਛੁਡਾਉਣ ਲਈ ਗਿਆ ਤਾਂ ਇਸ ਦੌਰਾਨ ਦੂਜੀ ਧਿਰ ਵੱਲੋਂ ਕੁਝ ਸਮੇਂ ਬਾਅਦ ਹੀ ਆਪਣੇ ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਰਾਜੀਵ 'ਤੇ ਹੀ ਹਮਲਾ ਕਰ ਦਿੱਤਾ।
ਮੁਲਜ਼ਮਾਂ ਨੇ ਹਮਲੇ ਕਰਕੇ ਰਾਜੀਵ ਸੈਣੀ ਦੇ ਸਿਰ 'ਚ ਤੇਜ਼ ਹਥਿਆਰਾਂ ਨਾਲ ਕਈ ਵਾਰ ਕੀਤੇ ਅਤੇ ਇਸ ਤੋਂ ਬਾਅਦ ਮਿੱਟੀ ਦਾ ਕੁੱਜਾ ਵੀ ਸਿਰ 'ਚ ਮਾਰਿਆ। ਨਤੀਜੇ ਵੱਜੋਂ ਰਾਜੀਵ ਖੂਨ ਨਾਲ ਲੱਥਪੱਥ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਜਿੱਥੇ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਨਿਜੀ ਹਸਪਤਾਲ ਰੈਫਰ ਕੀਤਾ ਗਿਆ ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਹਮਲੇ 'ਚ ਮ੍ਰਿਤਕ ਦਾ ਪੁੱਤਰ ਕ੍ਰਿਸ਼ ਸੈਣੀ ਜ਼ਖਮੀ ਹੋਇਆ ਹੈ, ਜਿਸਦੇ ਕੰਨ 'ਤੇ ਗੰਭੀਰ ਸੱਟ ਹੈ ਤੇ ਚਚੇਰਾ ਭਰਾ ਮੋਹਿਤ ਸੈਣੀ ਦੇ ਹੱਥ 'ਤੇ ਸੱਟਾਂ ਵੱਜੀਆਂ ਹਨ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS