Punjab Paper Leak : ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੀਕ ਨੂੰ ਲੈ ਕੇ ਗਰਮਾਈ ਸਿਆਸਤ, ਪੰਜਾਬ 'ਚ ਪੇਪਰ ਲੀਕ ਦਾ ਜ਼ਿੰਮੇਵਾਰ ਕੌਣ ?
Punjab Paper Leak : ਨੀਟ-ਯੂਜੀ ਪੇਪਰ ਲੀਕ ਨਾਲ ਦਿੱਲੀ ਦੇ ਜੰਤਰ-ਮੰਤਰ 'ਤੇ ਸ਼ੁਰੂ ਹੋਏ ਪ੍ਰਦਰਸ਼ਨ ਦੇ ਸੇਕ ਦੀ ਧੁਖਣੀ ਪੰਜਾਬ 'ਚ ਉਠਦੀ ਵਿਖਾਈ ਦੇ ਰਹੀ ਹੈ। ਫਰੀਦਕੋਟ 'ਚ ਬਾਬਾ ਫਰੀਦ ਮੈਡੀਕਲ ਕਾਲਜ (Baba Farid Uniersity Paper Leak) ਵੱਲੋਂ ਫਾਰਮੇਸੀ (Pharmacy) ਦੇ ਪੇਪਰ ਲੀਕ ਨੇ ਪੰਜਾਬ ਸਰਕਾਰ (Punjab Government) ਲਈ ਵੀ ਮੁਸ਼ਕਲ ਖੜੀ ਕਰ ਦਿੱਤੀ ਹੈ। ਹਾਲਾਂਕਿ, ਆਮ ਆਦਮੀ ਪਾਰਟੀ (AAP) ਦੀ ਅਗਵਾਈ ਹੇਠਲੀ ਮੁੱਖ ਮੰਤਰੀ ਮਾਨ ਦੀ ਸਰਕਾਰ ਇਹ ਮੰਨਣ ਤੋਂ ਇਨਕਾਰੀ ਹੈ ਕਿ ਇਹ ਪੇਪਰ ਲੀਕ ਹੈ, ਸਗੋਂ ਸਿਰਫ਼ ਨਕਲ ਦਾ ਮਾਮਲਾ ਹੈ, ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਢੰਗ ਨਾਲ ਨਕਲ ਵੱਜੀ ਹੈ, ਕੀ ਉਹ ਬਿਨਾਂ ਪੇਪਰ ਲੀਕ ਹੋਏ ਹੋ ਸਕਦਾ ਸੀ?
ਵਿਰੋਧੀ ਧਿਰਾਂ ਤਾਂ ਸਰਕਾਰ ਤੋਂ ਮੰਤਰੀ ਦਾ ਅਸਤੀਫਾ ਮੰਗ ਹੀ ਰਹੀਆਂ ਹਨ, ਹੁਣ ਪ੍ਰੀਖਿਆਰਥੀ ਵੀ ਇਹ ਮੰਗ ਉਠਾਉਣ ਲੱਗੇ ਹਨ। PTC ਨਿਊਜ਼ ਦੇ ਸੀਈਓ ਹਰਪ੍ਰੀਤ ਸਿੰਘ ਸਾਹਨੀ ਦੇ ਪੇਸ਼ ਕੀਤੇ ਇਸ ਖਾਸ - ਵੇਖੋ ਵਿਚਾਰ ਤਕਰਾਰ - ਪ੍ਰੋਗਰਾਮ ਦੌਰਾਨ ਪੇਪਰ ਲੀਕ ਨੂੰ ਲੈ ਕੇ ਮਾਹਰਾਂ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ। ਵੇਖੋ ਪੂਰੀ ਗੱਲਬਾਤ....
ਪੇਪਰ ਲੀਕ ਨੂੰ ਲੈ ਕੇ ਸਰਕਾਰ ਦਾ ਕੀ ਹੈ ਦਾਅਵਾ ?
ਦੱਸ ਦਈਏ ਕਿ 40000 ਵੱਧ ਉਮੀਦਵਾਰਾਂ ਨੇ ਫਾਰਮੇਸੀ ਦਾ ਪੇਪਰ ਦਿੱਤਾ ਸੀ। ਸਰਕਾਰ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਪ੍ਰਸ਼ਨ ਪੱਤਰ ਵੰਡੇ ਗਏ ਸਨ, ਉਦੋਂ ਪੇਪਰ ਲੀਕ ਹੋਇਆ। ਇਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਲਈ ਪੇਪਰ ਕੁੱਝ ਘੰਟੇ ਜਾਂ ਕੁੱਝ ਦਿਨ ਪਹਿਲਾਂ ਪੇਪਰ ਬਾਹਰ ਪਹੁੰਚੇ ਉਹ ਹੀ ਪੇਪਰ ਲੀਕ ਮੰਨਿਆ ਜਾਵੇਗਾ। ਪਰੰਤੂ ਵਿਰੋਧੀ ਧਿਰਾਂ ਨੇ ਇਸ ਪੇਪਰ ਲੀਕ 'ਤੇ ਆਮ ਆਦਮੀ ਪਾਰਟੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਕਿ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਸਰਕਾਰ ਨੂੰ ਘਰੋਂ (ਪੰਜਾਬ) ਤੋਂ ਇਸਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਨੂੰ ਅਸਤੀਫਾ ਦੇਣ ਲਈ ਕਿਹਾ ਜਾਵੇ, ਕਿਉਂਕਿ ਇਹ ਮਾਮਲਾ ਸਿੱਧਾ ਸਿਹਤ ਵਿਭਾਗ ਨਾਲ ਜੁੜਿਆ ਹੋਇਆ ਹੈ।
ਕਿਵੇਂ ਹੁੰਦੀ ਸੀ 'ਨਕਲ' ?
ਨਕਲ ਲਈ ਪ੍ਰੀਖਿਆ ਦੌਰਾਨ ਬਾਹਰੋਂ ਬਲੂਟੁੱਥ ਡਿਵਾਈਸ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਇਲੈਕਟ੍ਰਾਨਿਕ ਡਿਵਾਈਸਾਂ ਰਾਹੀਂ ਬਾਹਰੋਂ ਪੇਪਰ ਕਰਵਾਇਆ ਜਾ ਰਿਹਾ ਸੀ, ਤਾਂ ਯੂਨੀਵਰਸਿਟੀ ਦੇ ਉਡਣ ਦਸਤੇ ਨੇ ਨਕਲ ਕਰਨ ਵਾਲੇ ਉਮੀਦਵਾਰਾਂ ਨੂੰ ਕਾਬੂ ਕੀਤਾ। ਜਾਂਚ ਦੌਰਾਨ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ 35 ਦੇ ਲਗਭਗ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 28 ਉਮੀਦਵਾਰ ਹਨ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰ ਬਣਾਏ ਗਏ ਸਕੂਲ ਦੇ ਪ੍ਰਿੰਸੀਪਲ 'ਤੇ ਵੀ ਇਲਜ਼ਾਮ ਲੱਗੇ ਸਨ, ਹਾਲਾਂਕਿ, ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
'ਸਰਕਾਰ ਪੇਪਰ ਰੱਦ ਕਰਕੇ ਦੁਬਾਰਾ ਕਰਵਾਏ'
ਇਸ ਪੂਰੇ ਮਾਮਲੇ 'ਤੇ ਸਿਆਸੀ ਮਾਹਿਰ ਪ੍ਰੋ. ਮੁਹੰਮਦ ਖਾਲਿਦ ਨੇ ਕਿਹਾ ਜਦੋਂ ਐਗਜ਼ਾਮ ਸੈਂਟਰ ਦੇ ਵਿੱਚ ਖ਼ਾਸ ਤੌਰ 'ਤੇ ਕੰਪੀਟੀਵਿਟ ਐਗਜ਼ਾਮੀਨੇਸ਼ਨ ਵਿੱਚ ਆਉਂਦੇ ਹਨ ਤਾਂ ਤਲਾਸ਼ੀ ਬਹੁਤ ਹੀ ਡੂੰਘਾਈ ਨਾਲ ਕੀਤੀ ਜਾਂਦੀ ਹੈ। ਪਰ ਇਥੇ ਇਨ੍ਹਾਂ ਨੂੰ ਦਾਖਲ ਹੋਣ ਦਿੱਤਾ ਗਿਆ, ਜਿਨ੍ਹਾਂ ਨੇ ਵੱਖ ਵੱਖ ਥਾਵਾਂ 'ਤੇ ਡਿਵਾਈਸ ਛੁਪਾਏ ਹੋਏ ਸਨ। ਇਸਤੋਂ ਇਲਾਵਾ ਕਈ ਪੈਨ ਵੀ ਡਿਜੀਟਲ ਸਨ। ਇਨ੍ਹਾਂ ਯੰਤਰਾਂ ਦੀ ਸਹਾਇਤਾਂ ਨਾਲ ਪੇਪਰ ਬਾਹਰ ਭੇਜਿਆ ਗਿਆ ਅਤੇ ਬਾਹਰੋਂ ਪੇਪਰ ਦੇ ਕਰਵਾਉਣ ਲਈ ਯੰਤਰਾਂ ਦੀ ਵਰਤੋਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਵਿੱਚ ਸਿਰਫ਼ ਰਿਸ਼ਤੇਦਾਰ ਹੀ ਨਹੀਂ ਸਗੋਂ ਯੂਨੀਵਰਸਿਟੀ ਸਟਾਫ਼ ਦੀ ਕਿਤੇ ਨਾ ਕਿਤੇ ਮਿਲੀਭੁਗਤ ਹੈ, ਜਿਸ ਕਾਰਨ ਉਨ੍ਹਾਂ ਨੂੰ ਵੀ ਸ਼ੱਕ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੇਪਰ ਬਾਹਰ ਚਲਾ ਹੀ ਗਿਆ ਤਾਂ ਫਿਰ ਪੇਪਰ ਦੀ ਕੋਈ ਵੈਲੀਡਿਟੀ ਹੀ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੇਪਰ ਭਾਵੇਂ ਇੱਕ ਪ੍ਰੀਖਿਆ ਕੇਂਦਰ ਤੋਂ ਲੀਕ ਹੋਇਆ, ਪਰ ਇਸਦਾ ਪ੍ਰਭਾਵ ਸਾਰਿਆਂ 'ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਲਕੁਲ ਪੂਰੀ ਤਰ੍ਹਾਂ ਇਹ ਪੇਪਰ ਰੱਦ ਕਰਕੇ ਦੁਬਾਰਾ ਕਰਵਾਉਣਾ ਚਾਹੀਦਾ ਹੈ।
'ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਅਸਤੀਫਾ ਦੇਣ'
ਸ਼ੰਕਰ ਸ਼ਰਮਾ ਸਮਾਜ ਸੇਵੀ ਨੇ ਕਿਹਾ ਕਿ ਸਰਕਾਰ ਦਾ ਪੇਪਰ ਲੀਕ ਦਾਅਵਾ ਬਿਲਕੁਲ ਬਚਕਾਨਾ ਹੈ, ਪੇਪਰ ਲੀਕ, ਪੇਪਰ ਲੀਕ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਗਿਰੋਹ ਕੰਮ ਕਰ ਰਿਹਾ, ਜਿਹੜਾ ਬਾਹਰ ਬੈਠਾ ਉਤਰ ਪਹੁੰਚਾ ਰਿਹਾ ਸੀ। ਉਨ੍ਹਾਂ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਆਪਸੀ ਬਿਆਨਾਂ ਬਾਰੇ ਕਿਹਾ ਕਿ ਇਹ ਆਪਸ 'ਚ ਮੇਲ ਨਹੀਂ ਖਾਂਦੇ। ਯੂਨੀਵਰਸਿਟੀ ਨੇ ਕਿਹਾ ਹੈ ਕਿ ਪੇਪਰ ਚਲਦੇ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਸੀ ਅਤੇ ਪੁਲਿਸ ਨੂੰ ਦੱਸ ਦਿੱਤਾ ਸੀ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਜਦੋਂ ਇਸ ਮਾਮਲੇ 'ਚ ਇੰਨੇ ਮੁਲਜ਼ਮ ਫੜੇ ਜਾ ਰਹੇ ਹਨ, ਤਾਂ ਸਰਕਾਰ ਚੁੱਪ ਕਿਉਂ ਹੈ ਅਤੇ ਕੀ ਨੈਤਿਕਤਾ ਦੇ ਆਧਾਰ 'ਤੇ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ, ਜਦੋਂ ਕਿ ਆਮ ਆਦਮੀ ਪਾਰਟੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਦਿੱਲੀ ਜਾ ਕੇ ਮੰਗ ਰਹੀ ਹੈ।
ਇਹ ਵੀ ਪੜ੍ਹੋ... 56 ਲੱਖ ਕਿਸਾਨਾਂ ਲਈ ਵੱਡੀ ਰਾਹਤ, ₹2 ਲੱਖ ਤੱਕ ਦੇ ਕਰਜ਼ੇ ਕੀਤੇ ਜਾਣਗੇ ਮੁਆਫ਼ ; ਪਹਿਲੀ ਸੂਚੀ ਜਾਰੀ
'ਸਰਕਾਰ ਨੂੰ ਤੁਰੰਤ ਪੇਪਰ ਰੱਦ ਕਰਨਾ ਚਾਹੀਦਾ ਸੀ'
ਇਸ ਮਾਮਲੇ 'ਚ ਇੱਕ ਪੇਪਰ ਦੇਣ ਵਾਲੇ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਇਹ ਪੇਪਰ ਲੀਕ ਹੀ ਹੈ, ਜਦੋਂ ਇੰਨੇ ਵੱਡੇ ਪੇਪਰ ਲੀਕ ਹੋ ਗਏ ਤਾਂ ਫਿਰ ਇਹ ਪੰਜਾਬ ਵਿੱਚ ਹੀ ਹੋਇਆ ਹੈ। ਉਸ ਨੇ ਕਿਹਾ ਕਿ ਕਈ ਸਾਲ ਲਗਾ ਕੇ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦੀ ਇਸ ਤਰ੍ਹਾਂ ਮਿਹਨਤ ਬੇਕਾਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਪੇਪਰ ਉਦੋਂ ਹੀ ਰੱਦ ਕਰਦੀ, ਪਰ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਗਿਆ। ਉਸ ਨੇ ਕਿਹਾ ਕਿ ਹੁਣ ਨਤੀਜੇ ਬਾਰੇ ਵੀ ਕੁੱਝ ਪਤਾ ਨਹੀਂ ਹੈ ਕਿ 454 ਪੋਸਟਾਂ 'ਤੇ ਕੀ ਹੋਵੇਗਾ, ਕਿਸ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਸਾਡੀ ਵਰਗੇ ਮਿਹਨਤ ਕਰਨ ਵਾਲਿਆਂ ਦੀ ਮਿਹਨਤ ਜ਼ਰੂਰ ਬੇਕਾਰ ਚਲੀ ਗਈ ਹੈ। ਉਸ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੇਪਰ ਦੁਬਾਰਾ ਕਰਵਾਇਆ ਜਾਵੇ ਤਾਂ ਜੋ ਮਿਹਨਤੀ ਪ੍ਰੀਖਿਆਰਥੀਆਂ ਨਾਲ ਇਨਸਾਫ਼ ਹੋ ਸਕੇ।
- PTC NEWS