Mohali News : ਮੋਹਾਲੀ ਤੋਂ ਇੱਕ ਸ਼ੂਟਰ ਗ੍ਰਿਫ਼ਤਾਰ, ਪਿਸਤੌਲ ਸਮੇਤ 6 ਕਾਰਤੂਸ ਬਰਾਮਦ, ਹਿਮਾਚਲ 'ਚ ਹੋਏ ਕਤਲ 'ਚ ਸੀ ਸ਼ਾਮਲ
Mohali News : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਨੇ ਮੋਹਾਲੀ ਇਲਾਕੇ ਵਿੱਚ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਹੋਏ ਕਤਲ ਵਿੱਚ ਸ਼ਾਮਲ ਸੀ। ਇਸ ਦੇ ਨਾਲ ਹੀ ਉਹ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰ ਨਾਲ ਜੁੜਿਆ ਹੋਇਆ ਸੀ। ਆਰੋਪੀ ਤੋਂ ਇੱਕ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ। ਆਰੋਪੀ ਦੀ ਪਛਾਣ ਵਿਪਿਨ ਕੁਮਾਰ ਨਿਵਾਸੀ ਬੱਸੀਮੁੱਦਾ , ਬਾਗਪੁਰ ਮੰਦਰ, ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣਗੇ।
ਹਿਮਾਚਲ ਵਿੱਚ ਹੋਈ ਹੱਤਿਆ 'ਚ ਸੀ ਸ਼ਾਮਲ
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਵਿਪਿਨ ਕੁਮਾਰ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਖਵਾਜਾ ਬਸਲ ਪਿੰਡ ਵਿੱਚ ਰਾਕੇਸ਼ ਕੁਮਾਰ ਉਰਫ ਗੱਗੀ ਦੇ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰਾਂ ਵਿੱਚੋਂ ਇੱਕ ਸੀ। ਇਹ ਘਟਨਾ ਵਿਦੇਸ਼ੀ ਗੈਂਗਸਟਰਾਂ ਲਾਡੀ ਭੱਜਲ ਉਰਫ਼ ਕੂਨਰ ਅਤੇ ਮੋਨੂੰ ਗੁੱਜਰ (ਰਵੀ ਬਲਾਚੌਰੀਆ ਗੈਂਗ) ਅਤੇ ਬੱਬੀ ਰਾਣਾ (ਸੋਨੂੰ ਖੱਤਰੀ ਗੈਂਗ) ਵਿਚਕਾਰ ਗੈਂਗ ਵਾਰ ਦਾ ਸਿੱਧਾ ਨਤੀਜਾ ਸੀ। ਮ੍ਰਿਤਕ ਰਾਕੇਸ਼ ਕੁਮਾਰ ਉਰਫ਼ ਗੱਗੀ, ਵਿਦੇਸ਼ੀ ਗੈਂਗਸਟਰ ਬੱਬੀ ਰਾਣਾ ਦਾ ਸਾਥੀ ਸੀ, ਜੋ ਕਿ ਸੋਨੂੰ ਖੱਤਰੀ ਦਾ ਕਰੀਬੀ ਸਹਿਯੋਗੀ ਹੈ।
ਵਾਲ ਕਟਵਾਉਂਦੇ ਸਮੇਂ ਕਤਲ
ਰਾਕੇਸ਼ ਕੁਮਾਰ ਉਰਫ਼ ਗੱਗੀ ਦੀ 27 ਜੁਲਾਈ ਐਤਵਾਰ ਨੂੰ ਊਨਾ ਦੇ ਅੱਪਰ ਬਸਲ ਵਿੱਚ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਇੱਕ ਨਾਈ ਦੀ ਦੁਕਾਨ 'ਤੇ ਵਾਲ ਕਟਵਾਉਣ ਗਿਆ ਸੀ। ਹਮਲਾਵਰ ਮੋਟਰਸਾਈਕਲ 'ਤੇ ਆਏ ਸਨ। ਉਨ੍ਹਾਂ ਨੇ ਪੀੜਤ 'ਤੇ ਲਗਭਗ ਸੱਤ-ਅੱਠ ਗੋਲੀਆਂ ਚਲਾਈਆਂ ਪਰ ਰਾਕੇਸ਼ ਦੇ ਸਾਥੀਆਂ 'ਤੇ ਇੱਕ ਵੀ ਗੋਲੀ ਨਹੀਂ ਚਲਾਈ। ਇਹ ਘਟਨਾ ਊਨਾ ਤੋਂ ਲਗਭਗ 7 ਕਿਲੋਮੀਟਰ ਦੂਰ ਚੰਡੀਗੜ੍ਹ-ਧਰਮਸ਼ਾਲਾ ਹਾਈਵੇਅ 'ਤੇ ਸਥਿਤ ਦੁਕਾਨ 'ਤੇ ਵਾਪਰੀ।
- PTC NEWS