ਪੰਜਾਬ ਪੁਲਿਸ ਨੇ ਰਿੰਦਾ ਗੈਂਗ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਟਾਲਿਆ; ਇੱਕ ਪਿਸਤੌਲ ਬਰਾਮਦ
Punjab News: ਪੰਜਾਬ ਪੁਲਿਸ ਨੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਹਮਾਇਤ ਪ੍ਰਾਪਤ ਅਤੇ ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਸੂਬੇ ਦੇ ਮੋਹਤਬਾਰ ਵਿਅਕਤੀਆਂ ਦੀ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲ ਦਿੱਤਾ ਹੈ।
In a major breakthrough, Punjab Police have averted targeted attacks with the arrest of 2 operatives of a terror module backed by #Pak based terrorist Rinda & operated by #USA based Gangster Happy Passia (1/2)
— DGP Punjab Police (@DGPPunjabPolice) October 17, 2023
ਡੀਜੀਪੀ ਪੰਜਾਬ, ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ਼ ਰਾਜਾ ਬੈਂਸ ਵਾਸੀ ਬਟਾਲਾ ਅਤੇ ਬਾਵਾ ਸਿੰਘ ਵਾਸੀ ਪਿੰਡ ਲੁੱਧਰ (ਅੰਮ੍ਰਿਤਸਰ), ਗੁਰਕ੍ਰਿਪਾਲ ਸਿੰਘ ਉਰਫ਼ ਗਗਨ ਰੰਧਾਵਾ ਅਤੇ ਅਮਾਨਤ ਗਿੱਲ ਦੋਵੇਂ ਵਾਸੀ ਅੰਮ੍ਰਿਤਸਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋੋਸ਼ੀਆਂ ਕੋਲੋਂ .32 ਬੋਰ ਦਾ ਇੱਕ ਪਿਸਤੌਲ ਅਤੇ 10 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਰਿੰਦਾ ਅਤੇ ਹੈਪੀ ਪਾਸੀਆ ਵੱਲੋਂ ਸੂਬੇ ਦੇ ਕੁਝ ਪ੍ਰਮੁੱਖ ਵਿਅਕਤੀਆਂ ਦੀ ਮਿੱਥਕੇ ਹੱਤਿਆ ਕਰਨ ਦੀ ਯੋਜਨਾ ਬਣਾਉਣ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਸ਼ੂਟਰਾਂ ਨੂੰ ਨਿਯੁਕਤ ਕਰਨ ਬਾਰੇ ਪੁਖ਼ਤਾ ਇਤਲਾਹ ਮਿਲਣ ਉਪਰੰਤ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਦੀਆਂ ਪੁਲਿਸ ਟੀਮਾਂ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਵਿਕਰਮਜੀਤ ਉਰਫ਼ ਰਾਜਾ ਬੈਂਸ ਅਤੇ ਬਾਵਾ ਸਿੰਘ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ। ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੈਂਗਸਟਰ ਹੈਪੀ ਪਾਸੀਆ ਨੇ ਮੁਲਜ਼ਮ ਵਿਕਰਮਜੀਤ ਨਾਲ ,ਟਾਰਗੇਟ ਕਿਲਿੰਗ ਕਰਨ ਸਬੰਧੀ 15 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਤੰਬਰ 2023 ਦੇ ਆਖਰੀ ਹਫ਼ਤੇ ਮੁਲਜ਼ਮ ਵਿਕਰਮਜੀਤ ਵੱਲੋਂ ਰੇਕੀ ਵੀ ਕੀਤੀ ਗਈ ਸੀ।
ਡੀਜੀਪੀ ਨੇ ਦੱਸਿਆ ਕਿ ਅਗਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਕਰਮਜੀਤ ਲਈ ਪਿਸਤੌਲ ਅਤੇ ਜਿੰਦਾ ਕਾਰਤੂਸਾਂ ਦਾ ਪ੍ਰਬੰਧ ਹੈਪੀ ਪਾਸੀਆ ਨੇ ਆਪਣੇ ਸਥਾਨਕ ਸਾਥੀਆਂ ਗੁਰਕਿਰਪਾਲ ਸਿੰਘ ਉਰਫ਼ ਗਗਨ ਰੰਧਾਵਾ, ਹਰੀ ਸਿੰਘ ਉਰਫ਼ ਹੈਰੀ ਅਤੇ ਅਮਾਨਤ ਗਿੱਲ, ਸਾਰੇ ਵਾਸੀ ਅੰਮ੍ਰਿਤਸਰ ਰਾਹੀਂ ਕੀਤਾ ਸੀ।
ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਪੁਲਿਸ ਟੀਮਾਂ ਨੇ ਗੁਰਕ੍ਰਿਪਾਲ ਸਿੰਘ ਅਤੇ ਅਮਾਨਤ ਗਿੱਲ ਨੂੰ ਵੀ ਕਾਬੂ ਕਰ ਲਿਆ ਹੈ, ਜਦਕਿ ਹਰੀ ਸਿੰਘ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਸ ਸਬੰਧੀ ਯੂਏਪੀਏ ਦੀ ਧਾਰਾ 17,18 ,20, ਆਈਪੀਸੀ ਦੀ ਧਾਰਾ 115, 153, 153ਏ ਅਤੇ 120ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।
- PTC NEWS