Bikram Singh Majithia News : ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਤੇ ਦਫਤਰ 'ਤੇ ਵਿਜੀਲੈਂਸ ਵੱਲੋਂ ਮੁੜ ਛਾਪੇਮਾਰੀ
Bikram Singh Majithia News : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਜੇਲ੍ਹ ’ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ ਅਤੇ ਮਜੀਠਾ ਸਥਿਤ ਦਫ਼ਤਰ ’ਤੇ ਮੰਗਲਵਾਰ ਨੂੰ ਮੁੜ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਰਿਹਾਇਸ਼ ’ਤੇ ਵੱਡੀ ਗਿਣਤੀ ਪੁਲਿਸ ਬਲ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਸਨ।
ਜਾਣਕਾਰੀ ਅਨੁਸਾਰ ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਵਿਜੀਲੈਂਸ ਟੀਮ ਨੇ ਮਜੀਠੀਆ ਦੇ ਦਫ਼ਤਰ ਦੀ ਪੂਰੀ ਇਮਾਰਤ ਦੀ ਨਾਪ-ਜੋਖ ਕੀਤੀ ਅਤੇ ਹਰ ਹਿੱਸੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਉੱਥੇ ਮੌਜੂਦ ਕਰਮਚਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਲਈ ਗਈ। ਦਫ਼ਤਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਵਿਜੀਲੈਂਸ ਵੱਲੋਂ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਗਿਆ ਹੈ ਕਿ ਛਾਪੇਮਾਰੀ ਪਿੱਛੇ ਅਸਲ ਕਾਰਨ ਕੀ ਹੈ।
ਛਾਪੇਮਾਰੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਅਤੇ ਘਰ ਦੇ ਚਾਰੇ ਪਾਸੇ ਅਤੇ ਘਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਗ੍ਰੀਨ ਐਵੇਨਿਊ 'ਤੇ ਘਰ ਤੋਂ ਕਈ ਮੀਟਰ ਪਹਿਲਾਂ ਬੈਰੀਕੇਡਿੰਗ ਕਰਕੇ ਸੜਕ ਬੰਦ ਕਰ ਦਿੱਤੀ ਗਈ । ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਜੇਲ੍ਹ ’ਚ ਬੰਦ ਹਨ।
- PTC NEWS