Punjab Weather Update : ਗੁਰੂ ਨਗਰੀ ਸਮੇਤ ਕਈ ਥਾਵਾਂ 'ਤੇ ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਸ਼ੁਰੂ , ਅਗਲੇ 5 ਘੰਟਿਆਂ ਵਿੱਚ ਪੂਰੇ ਸੂਬੇ ਵਿੱਚ ਤੂਫ਼ਾਨ ਦੀ ਚੇਤਾਵਨੀ
Punjab Weather Update : ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਕਰੀਬ 5 ਵਜੇ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਅਤੇ ਜਲੰਧਰ ਵਿਚ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ। ਇੱਕੋ ਦਮ ਤੇਜ਼ ਹਨੇਰੀ ਅਤੇ ਝੱਖੜ ਸ਼ੁਰੂ ਹੋਇਆ ਅਤੇ ਆਸਮਾਨ 'ਚ ਕਾਲੀ ਘਟਾ ਛਾ ਗਈ। ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਚ ਬਦਲਾਅ ਕਾਰਨ ਲੋਕ ਤੇਜ਼ ਗਰਮੀ ਵਿਚ ਰਾਹਤ ਮਹਿਸੂਸ ਕਰ ਰਹੇ ਹਨ। ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ।
ਜਿੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ,ਓਥੇ ਹੀ ਤੇਜ਼ ਹਵਾਵਾਂ ਨਾਲ ਕਾਫ਼ੀ ਨੁਕਸਾਨ ਵੀ ਹੋਇਆ ਹੈ। ਹਾਲਾਂਕਿ ਹਨੇਰੀ ਝੱਖੜ ਦੇ ਚਲਦਿਆਂ ਸ਼ਹਿਰ ਦੇ ਵਿੱਚ ਬਿਜਲੀ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੀ ਗਈ ਪਰ ਮੌਸਮ ਦੀ ਤਬਦੀਲੀ ਦੇ ਚਲਦਿਆਂ ਠੰਡੀਆਂ ਹਵਾਵਾਂ ਦੇ ਬੁੱਲਿਆਂ ਦੇ ਨਾਲ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਨਜ਼ਰ ਆਈ। ਇਸ ਤੋਂ ਇਲਾਵਾ ਲੁਧਿਆਣਾ ,ਕਪੂਰਥਲਾ ,ਕੋਟਕਪੂਰਾ ,ਗੁਰੂਹਰਸਹਾਏ ਅਤੇ ਡੇਰਾ ਬਾਬਾ ਨਾਨਕ ਵਿੱਚ ਵੀ ਤੇਜ਼ ਹਨੇਰੀ ਝੱਖੜ ਆਇਆ ਹੈ।
ਜਲੰਧਰ ਦੇ ਲਵ ਕੁਸ਼ ਚੌਂਕ (ਮਿਲਾਪ ਚੌਂਕ ) ਵਿੱਚ ਦੁਕਾਨ ਦੇ ਉੱਤੇ ਬਣਿਆ ਛੱਜਾ ਤੇਜ਼ ਹਨੇਰੀ ਕਰਕੇ ਡਿੱਗ ਪਿਆ। ਜਿਸ ਕਾਰਨ ਦੁਕਾਨ ਦੇ ਬਾਹਰ ਖੜੀਆਂ ਰੇੜੀਆਂ ਨੁਕਸਾਨੀਆਂ ਗਈਆਂ ਅਤੇ ਸਕੂਟਰ ਵੀ ਨੁਕਸਾਨੇ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਜਲੰਧਰ ਪ੍ਰਾਈਵੇਟ ਕੱਪੜੇ ਦੇ ਸ਼ੋਅਰੂਮ ਦੇ ਬਾਹਰ ਸੈਡ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਹਨ। ਸ਼ੋਅਰੂਮ ਦੇ ਬਾਹਰ ਖੜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਅਗਲੇ 5 ਤੋਂ 6 ਘੰਟਿਆਂ ਦੇ ਅੰਦਰ ਪੰਜਾਬ ਵਿੱਚ ਧੂੜ ਭਰੀ ਹਨੇਰੀ ਆ ਸਕਦੀ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮੌਸਮ ਵਿਗੜਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਸੀ।
- PTC NEWS