Canada ’ਚ ਪੰਜਾਬੀ ਕਾਰੋਬਾਰੀ ਦਾ ਕਤਲ; ਘਰ ਦੇ ਬਾਹਰ ਮੁਲਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Punjabi Businessman Murder : ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰਿੱਜਵਿਊ ਡਰਾਈਵ ਖੇਤਰ ਵਿਚ ਰਹਿੰਦੇ ਪੰਜਾਬੀ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮਾਂ ਨੇ ਪੰਜਾਬੀ ਕਾਰੋਬਾਰੀ ਦਾ ਉਸਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਮੌਕੇ ਕਾਰੋਬਾਰੀ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਕਾਰੋਬਾਰੀ ਦਫਤਰ ਜਾਣ ਲਈ ਕਾਰ ਵਿੱਚ ਬੈਠਣ ਲੱਗਾ ਸੀ।
ਦੱਸ ਦਈਏ ਕਿ ਕੱਪੜਾ ਰੀਸਾਈਕਲ ਦੇ ਵੱਡੇ ਕਾਰੋਬਾਰੀ ਦੀ ਪਛਾਣ ਦਰਸ਼ਨ ਸਿੰਘ ਸਾਹਸੀ (68) ਵਜੋਂ ਕੀਤੀ ਗਈ ਹੈ। ਉਸ ਦਾ ਕਾਰੋਬਾਰ ਭਾਰਤ ਦੇ ਕਈ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ। ਪੁਲੀਸ ਵੱਲੋ ਕਾਰੋਬਾਰੀ ਦੀ ਹੱਤਿਆ ਨੂੰ ਫਿਰੌਤੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੂਲ ਰੂਪ ਵਿੱਚ ਦੋਰਾਹੇ ਨੇੜਲੇ ਪਿੰਡ ਰਾਜਗੜ ਦਾ ਰਹਿਣ ਵਾਲਾ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਆਇਆ ਤੇ ਕੱਪੜਾ ਰੀਸਾਈਕਲ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਮੈਪਲ ਰਿੱਜ ਵਿੱਚ ਉਸ ਦੀ ਫੈਕਟਰੀ ਵਿੱਚ ਦਰਜਨਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ। ਇਹ ਵੀ ਜਾਣਕਾਰੀ ਹਾਸਿਲ ਹੋਈ ਹੈ ਕਿ ਪਿਛਲੇ ਸਮੇਂ ਉਸ ਨੂੰ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਰਹੀਆਂ, ਪਰ ਇਸ ਪਾਸੇ ਜਿਆਦਾ ਧਿਆਨ ਨਹੀਂ ਦਿੱਤਾ ਗਿਆ।
ਪਰ ਇਸ ਮਾਮਲੇ ਮਗਰੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਫਿਲਹਾਲ ਮਾਮਲੇ ਸਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Notorious Gangster Jagdeep Singh : ਗੈਂਗਸਟਰ ਜਗਦੀਪ ਸਿੰਘ ਉਰਫ ਜੱਗਾ ਅਮਰੀਕਾ ’ਚ ਗ੍ਰਿਫ਼ਤਾਰ, ਰਾਜਸਥਾਨ ਪੁਲਿਸ ਦੀ ਵੱਡੀ ਕਾਰਵਾਈ
- PTC NEWS