Nangal-Sri Anandpur Sahib ਮੁੱਖ ਮਾਰਗ ‘ਤੇ ਵਾਪਰਿਆ ਸੜਕ ਹਾਦਸਾ, ਨੌਜਵਾਨ ਦੀ ਮੌਤ ,ਲੜਕੀ ਗੰਭੀਰ ਜ਼ਖ਼ਮੀ
Sri Anandpur Sahib : ਨੰਗਲ–ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ‘ਤੇ ਪਿੰਡ ਬ੍ਰਹਮਪੁਰ ਨੇੜੇ ਇੱਕ ਦੁਖਦਾਈ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸਦੇ ਨਾਲ ਮੌਜੂਦ ਇੱਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਾਣੇ ਹਿਮਾਚਲ 'ਚ ਪੈਂਦੇ ਆਪਣੇ ਪਿੰਡ ਵੱਲ ਜਾ ਰਹੇ ਸਨ ਕਿ ਰਸਤੇ ਵਿੱਚ ਬ੍ਰਹਮਪੁਰ ਕੋਲ ਉਨ੍ਹਾਂ ਦੀ ਬਾਈਕ ਦੀ ਟੱਕਰ ਇੱਕ ਟੈਂਕਰ ਨਾਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜ਼ਖ਼ਮੀ ਲੜਕੀ ਨੂੰ ਤੁਰੰਤ ਸਿਵਿਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਹਿਮਾਚਲ-ਪੰਜਾਬ ਸਰਹੱਦ 'ਤੇ ਐਂਬੂਲੈਂਸ ਖੱਡ ਵਿੱਚ ਡਿੱਗੀ, 3 ਦੀ ਮੌਤ
ਦੱਸ ਦੇਈਏ ਕਿ ਇਸ ਤੋਂ ਇਲਾਵਾ ਡੀਐਮਸੀ ਲੁਧਿਆਣਾ ਰੈਫਰ ਕੀਤੇ ਮਰੀਜ਼ ਨੂੰ ਲੈ ਕੇ ਜਾ ਰਹੀ ਇੱਕ ਐਂਬੂਲੈਂਸ ਅੱਜ (ਸ਼ਨੀਵਾਰ) ਸਵੇਰੇ ਹਿਮਾਚਲ-ਪੰਜਾਬ ਸਰਹੱਦ 'ਤੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ-ਹੁਸ਼ਿਆਰਪੁਰ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮਰੀਜ਼ ਨੂੰ ਟਾਂਡਾ ਮੈਡੀਕਲ ਕਾਲਜ ਕਾਂਗੜਾ ਤੋਂ ਰੈਫਰ ਕੀਤਾ ਗਿਆ ਸੀ। ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਪੰਜਾਬ ਦੇ ਮੰਗੂਵਾਲ ਵਿੱਚ ਗਗਰੇਟ ਤੋਂ ਅੱਗੇ ਬੇਕਾਬੂ ਹੋ ਗਈ ਅਤੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ। ਕੁਝ ਸਮੇਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਜ਼ਖਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਅਤੇ ਹੁਸ਼ਿਆਰਪੁਰ ਹਸਪਤਾਲ ਪਹੁੰਚਾਇਆ।
ਇਸ ਹਾਦਸੇ ਵਿੱਚ ਕਾਂਗੜਾ ਜ਼ਿਲ੍ਹੇ ਦੇ ਪਥਿਆਰ ਨਗਰੋਟਾ ਬਾਗਵਾਨ ਦੇ ਵਸਨੀਕ ਸੰਜੀਵ ਕੁਮਾਰ, ਓਮਕਾਰ ਚੰਦ ਅਤੇ ਰਮੇਸ਼ ਚੰਦ ਦੀ ਮੌਤ ਹੋ ਗਈ। ਜ਼ਖਮੀ ਐਂਬੂਲੈਂਸ ਡਰਾਈਵਰ ਬੌਬੀ ਅਤੇ ਰੇਣੂ ਨਾਮ ਦੀ ਇੱਕ ਔਰਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ।
- PTC NEWS