Ludhiana News : ਸੁੱਤੇ ਪਏ ਪਰਿਵਾਰ 'ਤੇ ਡਿੱਗੀ ਘਰ ਦੀ ਛੱਤ ,12 ਸਾਲਾਂ ਬੱਚੀ ਦੀ ਹੋਈ ਮੌਤ ਅਤੇ 3 ਲੋਕ ਹੋਏ ਜ਼ਖਮੀ
Ludhiana News : ਲੁਧਿਆਣਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ 13 ਸਾਲਾ ਲੜਕੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ 3 ਲੋਕ ਜ਼ਖਮੀ ਹੋ ਗਏ। ਲੜਕੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਡਾ. ਅੰਬੇਡਕਰ ਨਗਰ ਵਿੱਚ ਇਹ ਹਾਦਸਾ ਵਾਪਰਿਆ ਹੈ।
ਜਾਣਕਾਰੀ ਅਨੁਸਾਰ ਲੜਕੀ ਕੋਮਲਪ੍ਰੀਤ ਆਪਣੇ ਪਿਤਾ ਅਤੇ ਮਾਂ ਨਾਲ ਬੈਡ 'ਤੇ ਸੁੱਤੀ ਪਈ ਸੀ। ਇਸੇ ਦੌਰਾਨ ਬੀਤੀ ਰਾਤ ਛੱਤ ਖਸਤਾ ਹਾਲਤ 'ਚ ਹੋਣ ਕਾਰਨ ਪਰਿਵਾਰ 'ਤੇ ਡਿੱਗ ਪਈ ਅਤੇ ਤਿੰਨ ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਗੰਭੀਰ ਸੱਟ ਲੱਗਣ ਕਾਰਨ 12 ਸਾਲਾਂ ਬੱਚੀ ਦੀ ਮੌਤ ਹੋ ਗਈ। ਇੱਕ ਕਮਰੇ ਵਿੱਚ 3 ਲੋਕ ਬੈਡ 'ਤੇ ਸੌਂ ਰਹੇ ਸਨ ਅਤੇ ਲੜਕੀ ਦਾ ਭਰਾ ਮੰਜੇ 'ਤੇ ਸੌਂ ਰਿਹਾ ਸੀ। ਮ੍ਰਿਤਕ ਕੋਮਲਪ੍ਰੀਤ 7ਵੀਂ ਜਮਾਤ ਵਿੱਚ ਪੜ੍ਹਦੀ ਸੀ।
ਪੋਸਟਮਾਰਟਮ ਤੋਂ ਬਾਅਦ ਪਰਿਵਾਰ ਲੜਕੀ ਦਾ ਸਸਕਾਰ ਕਰੇਗਾ। ਗਰੀਬ ਪਰਿਵਾਰ ਹੋਣ ਕਰਕੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਵਿੱਤੀ ਮਦਦ ਕਰੇ। ਇੱਥੇ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਨਿਗਮ ਦੇ ਅਧਿਕਾਰੀਆਂ ਨੇ ਖੰਡਰ ਇਮਾਰਤਾਂ ਦਾ ਨਿਰੀਖਣ ਕਿਉਂ ਨਹੀਂ ਕੀਤਾ। ਜੇਕਰ ਇਮਾਰਤ ਖੰਡਰ ਹੁੰਦੀ ਤਾਂ ਪਰਿਵਾਰ ਨੂੰ ਪਹਿਲਾਂ ਹੀ ਨੋਟਿਸ ਦਿੱਤਾ ਜਾਂਦਾ ਜਾਂ ਸਰਕਾਰ ਉਨ੍ਹਾਂ ਦੀ ਮਦਦ ਕਰਦੀ।
ਦੱਸ ਦੇਈਏ ਕਿ ਇਹ ਗਰੀਬ ਪਰਿਵਾਰ ਹੈ ਅਤੇ ਬਾਰਿਸ਼ਾਂ ਦੇ ਇਸ ਮੌਸਮ ਦੌਰਾਨ ਸਲਾਵ ਹੋਣ ਕਾਰਨ ਛੱਤ ਡਿੱਗੀ ਹੈ। ਉਧਰ ਪਰਿਵਾਰ ਨੇ ਜਿੱਥੇ ਸਰਕਾਰ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ।ਉਹਨਾਂ ਕਿਹਾ ਕਿ ਪਰਿਵਾਰ 'ਤੇ ਜਿੱਥੇ ਦੁੱਖਾਂ ਦਾ ਪਹਾੜ ਡਿੱਗਿਆ ਹੈ ਤਾਂ ਉੱਥੇ ਹੀ ਉਨਾਂ ਸੂਬਾ ਸਰਕਾਰ ਤੋਂ ਮਾਲੀ ਸਹਾਇਤਾ ਦੀ ਵੀ ਮੰਗ ਕੀਤੀ।
ਇਸ ਤੋਂ ਪਹਿਲਾਂ ਬੀਤੇ ਕੱਲ ਹੁਸ਼ਿਆਰਪੁਰ ਦੇ ਟਾਂਡਾ ਦੇ ਮੁਹੱਲਾ ਅਈਆਪੁਰ ਵਿੱਚ ਸਵੇਰੇ 5:30 ਵਜੇ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਸ਼ੰਕਰ ਮੰਡਲ ਆਪਣੀਆਂ 4 ਧੀਆਂ ਅਤੇ ਪਤਨੀ ਨਾਲ ਇਸ ਘਰ ਵਿੱਚ ਰਹਿੰਦਾ ਸੀ। ਸ਼ੰਕਰ ਮੰਡਲ ਮਜ਼ਦੂਰੀ ਦਾ ਕੰਮ ਕਰਦਾ ਸੀ। ਸਵੇਰੇ 5:30 ਵਜੇ ਦੇ ਕਰੀਬ ਅਚਾਨਕ ਪੂਰਾ ਘਰ ਡਿੱਗ ਗਿਆ, ਜਿਸ ਵਿੱਚ ਪੂਰਾ ਪਰਿਵਾਰ ਦੱਬ ਗਿਆ। ਇਸ ਹਾਦਸੇ ਵਿੱਚ ਸ਼ੰਕਰ ਮੰਡਲ ਅਤੇ ਉਸ ਦੀਆਂ 2 ਧੀਆਂ ਸ਼ਿਵਾਨੀ ਅਤੇ ਪੂਜਾ ਦੀ ਮੌਤ ਹੋ ਗਈ। ਸ਼ੰਕਰ ਮੰਡਲ ਦੀ ਪਤਨੀ ਅਤੇ 2 ਹੋਰ ਧੀਆਂ ਨੂੰ ਜ਼ਖਮੀ ਹਾਲਤ ਵਿੱਚ ਟਾਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
- PTC NEWS