Khadoor Sahib News : ਭੈਣ ਤੋਂ ਰੱਖੜੀ ਬੰਨ੍ਹਵਾ ਕੇ ਮੇਲਾ ਵੇਖਣ ਜਾਂਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਮਾਪਿਆਂ ਦਾ ਇਕਲੌਤਾ ਸੀ ਰੁਪਿੰਦਰ ਸਿੰਘ
Khadoor Sahib News : ਰੱਖੜੀ ਵਾਲੇ ਦਿਨ ਖਡੂਰ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਹਲਕੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਵਸਨੀਕ ਇੱਕ ਨੌਜਵਾਨ ਦੀ ਅਣਪਛਾਤੇ ਵਾਹਨ ਵੱਲੋਂ ਫੇਟ ਮਾਰੇ ਜਾਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ 21 ਸਾਲਾ ਨੌਜਵਾਨ ਆਪਣੇ ਦੋਸਤਾਂ ਨਾਲ ਰੱਖੜ ਪੁੰਨਿਆ 'ਤੇ ਬਾਬਾ ਬਕਾਲਾ ਵਿਖੇ ਮੇਲਾ ਵੇਖਣ ਜਾ ਰਿਹਾ ਸੀ, ਜਿਸ ਦੌਰਾਨ ਪਿੱਛੋਂ ਕੋਈ ਵਾਹਨ ਟੱਕਰ ਮਾਰ ਗਿਆ।
ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਤਾਇਆ ਬਲਕਾਰ ਸਿੰਘ ਅਤੇ ਪਿੰਡ ਦੇ ਨੰਬਰਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕਾ ਰੁਪਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੱਸਿਆ ਕਿ ਰੁਪਿੰਦਰ ਸਿੰਘ ਸਵੇਰੇ ਆਪਣੀ ਭੈਣ ਕੋਲੋਂ ਅਜੇ ਰੱਖੜੀ ਬੰਨ੍ਹਵਾ ਕੇ ਹਟਿਆ ਸੀ। ਉਪਰੰਤ ਉਹ ਆਪਣੇ ਦੋਸਤਾਂ ਨਾਲ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦਾ ਮੇਲਾ ਵੇਖਣ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਰਸਤੇ ਵਿਚ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਫੇਟ ਮਾਰੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰੁਪਿੰਦਰ ਸਿੰਘ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਪਾਇਆ ਜਾ ਰਿਹਾ ਹੈ। ਇਕਲੌਤੇ ਪੁੱਤ ਦੀ ਮੌਤ ਨਾਲ ਜਿਥੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਰੱਖੜੀ ਦੇ ਇਸ ਖੁਸ਼ੀ ਭਰੀ ਮਾਹੌਲ 'ਚ ਭੈਣ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਹੋਰਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਤਰ੍ਹਾਂ ਤੁਹਾਨੂੰ ਵੀ ਦੁੱਖਾਂ ਵਿਚ ਸ਼ਾਮਿਲ ਨਾ ਹੋਣਾ ਪਵੇ।
- PTC NEWS