ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਪਿੱਛੇ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ ਐੱਫਆਈਆਰ ਦਰਜ ਕਰ ਕੇ ਕਵਰ ਅਪ ਮੁਹਿੰਮ ਵਿੱਢੀ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ ਐਫ ਆਈ ਆਰ ਦਰਜ ਕਰ ਕੇ ਕਵਰ ਅਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਐਫ ਆਈ ਆਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਨੂੰ ’ਸੰਗਤ’ ਦਾ ਮੈਂਬਰ ਦੱਸਿਆ ਗਿਆ ਹੈ ਤੇ ਸਾਰੀ ਘਟਨਾ ਨੂੰ ਛੁਟਿਆਉਣ ਵਾਸਤੇ ਇਸਨੂੰ ’ਹਵਾਈ ਫਾਇਰ’ ਦਾ ਨਾਂ ਦਿੱਤਾ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਦਲਜੀਤ ਸਿੰਘ ਚੀਮਾ ਨੇ ਐਫ ਆਈ ਆਰ ਨੂੰ ਰੱਦ ਕਰਦਿਆਂ ਇਸਨੂੰ ਇਕ ਚਾਲਾਕੀ ਭਰੀ ਮੁਹਿੰਮ ਕਰਾਰ ਦਿੱਤਾ ਜਿਸਦਾ ਮਕਸਦ ਹਮਲਾਵਰ ਦੀ ਪੁਸ਼ਤਪਨਾਹੀ ਕਰਨ ਵਾਲੇ ਪੰਜਾਬ ਪੁਲਿਸ ਅਫਸਰਾਂ ਦੀ ਭੂਮਿਕਾ ’ਤੇ ਪਰਦਾ ਪਾਉਣਾ ਹੈ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਸੰਜਮੀ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਪੂਰਾ ਜ਼ੋਰ ਲਗਾ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਖ਼ਤਮ ਕਰਨ ਦੀ ਇਸ ਡੂੰਘੀ ਸਾਜ਼ਿਸ਼ ਦਾ ਸੱਚ ਕਦੇ ਬਾਹਰ ਹੀ ਨਾ ਆ ਸਕੇ।
ਇਸ ਕਾਤਲਾਨਾ ਹਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਨਿਰੰਤਰ ਕੀਤੀਆਂ ਪ੍ਰੈਸ ਕਾਨਫਰੰਸਾਂ ਵਿਚ ਪ੍ਰਗਟਾਇਆ ਤੌਖਲਾ ਸੱਚਾ ਸਾਬਤ ਹੋਇਆ ਹੈ। ਮਜੀਠੀਆ ਨੇ ਦੱਸਿਆ ਸੀ ਕਿ ਕਿਵੇਂ ਐਸ ਪੀ ਹਰਪਾਲ ਸਿੰਘ ਰੰਧਾਵਾ ਨੇ ਹਮਲਾਵਰ ਨਾਲ ਮੁਲਾਕਾਤ ਕੀਤੀ ਤੇ ਗੱਲਬਾਤ ਕੀਤੀ ਤੇ 3 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਉਸ ਨਾਲ ਵਿਚਾਰ ਚਰਚਾ ਵੀ ਕੀਤੀ। ਸੀ ਸੀ ਟੀ ਵੀ ਕੈਮਰਾ ਫੁਟੇਜ ਰਾਹੀਂ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਨੇ 9 ਐਮ ਐਮ ਪੀ ਸੈਮੀ ਆਟੋਮੈਟਿਕ ਪਿਸਟਲ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਤੋਂ ਪਹਿਲਾਂ ਤਿੰਨ ਦਿਨ ਤੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੂਰੀ ਰੇਕੀ ਕੀਤੀ।
ਉਹਨਾਂ ਕਿਹਾ ਕਿ ਇਸ ਹਮਲੇ ਨੂੰ ’ਸੰਗਤ’ ਦੇ ਇਕ ਮੈਂਬਰ ਵੱਲੋਂ ਅਚਨਚੇਤ ਕੀਤਾ ਗਿਆ ਹਮਲਾ ਦੱਸਣਾ ਨਿਆਂ ਦਾ ਮਖੌਲ ਉਡਾਉਣਾ ਹੈ।
ਡਾ. ਚੀਮਾ ਨੇ ਦੱਸਿਆ ਕਿ ਕਿਵੇਂ ਅੰਮ੍ਰਿਤਸਰ ਪੁਲਿਸ ਤੇ ਇਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਮਲੇ ਤੋਂ ਬਾਅਦ ਪੂਰਾ ਜ਼ੋਰ ਲਗਾ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਇਹ ਬਾਦਲ ਪ੍ਰਤੀ ਹਮਦਰਦੀ ਲੈਣ ਲਈ ਖੁਦ ਕਰਵਾਇਆ ਗਿਆ ਹਮਲਾ ਹੈ। ਉਹਨਾਂ ਕਿਹਾ ਕਿ ਭਾਵੇਂ ਇਹਨਾਂ ਦਾਅਵਿਆਂ ਦਾ ਖੰਡਨ ਹੋਇਆ ਤੇ ਇਹ ਝੂਠੇ ਵੀ ਸਾਬਤ ਹੋਏ ਪਰ ਆਪ ਸਰਕਾਰ ਹੁਣ ਇਕ ਪੁਰਾਣੇ ਅਪਰਾਧੀ ਜਿਸਦਾ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਰਿਕਾਰਡ ਹੈ, ਨੂੰ ’ਸੰਗਤ’ ਦਾ ਮੈਂਬਰ ਦੱਸ ਰਹੀ ਹੈ। ਉਹਨਾਂ ਕਿਹਾ ਕਿ ’ਸੰਗਤ’ ਦਾ ਕੋਈ ਵੀ ਮੈਂਬਰ ਕਦੇ ਵੀ ਅਜਿਹੀ ਘਿਨੌਣੀ ਹਰਕਤ ਨਹੀਂ ਕਰ ਸਕਦਾ ਅਤੇ ਆਪ ਸਰਕਾਰ ਵੱਲੋਂ ਸਿੱਖ ਸੰਗਤ ਨੂੰ ਇਸ ਤਰੀਕੇ ਨਾਲ ਦਰਸਾਉਣਾ ਬਹੁਤ ਹੀ ਨਿੰਦਣਯੋਗ ਹੈ।
ਅਕਾਲੀ ਆਗੂ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਇਹ ਝੂਠ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਅਸੀਂ ਇਸ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਆਪਣੇ ਕੋਲ ਉਪਲਬਧ ਸਾਰੇ ਵਿਕਲਪਾਂ ਦੀ ਵਰਤੋਂ ਕਰਾਂਗੇ।
- PTC NEWS