SAD ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਦਾ ਪੁਲਿਸ ਮੁਲਾਜ਼ਮ ਵੱਲੋਂ ਕੀਤਾ ਜਾ ਰਿਹਾ ਸੀ ਪਿੱਛਾ
Tarn Taran News : ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਲਗਾਤਾਰ ਭਰਵਾਂ ਸਮਰਥਨ ਮਿਲ ਰਿਹਾ ਹੈ। ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਜੋ ਕਿ ਆਪਣੀ ਮਾਤਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ ,ਦੀ ਰੇਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਹਾਰ ਤੋਂ ਘਬਰਾਈ ਹੋਈ ਹੈ ,ਜਿਸ ਕਰਕੇ ਪੁਲਿਸ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਦਾ ਪਿੱਛਾ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲੀਸ ਮੁਲਾਜ਼ਮ ਵੱਲੋਂ ਬਿਨ੍ਹਾਂ ਵਰਦੀ ਅਤੇ ਕਾਰ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਕੰਚਨਪ੍ਰੀਤ ਕੌਰ ਦੀ ਰੇਕੀ ਕੀਤੀ ਜਾ ਰਹੀ ਹੈ। ਇਸ ਦੌਰਾਨ ਰੇਕੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਅਕਾਲੀ ਦਲ ਦੇ ਵਰਕਰਾਂ ਨੇ ਫੜਿਆ ਹੈ।
ਉਸ ਵੱਲੋਂ ਪਹਿਲਾਂ ਐੱਸਪੀਡੀ ਤਰਨਤਾਰਨ ਦੇ ਆਡਰ 'ਤੇ ਰੇਕੀ ਕਰਨ ਦੀ ਗੱਲ ਕਹੀ ਗਈ ਅਤੇ ਬਾਅਦ ਵਿਚ ਸੀਆਈਸੀ ਇੰਚਾਰਜ ਪ੍ਰਭਜੀਤ ਸਿੰਘ ਦਾ ਨਾਂ ਲਿਆ ਗਿਆ। ਉਸ ਵਲੋਂ ਸੀਆਈਸੀ ਇੰਚਾਰਜ ਪ੍ਰਭਜੀਤ ਸਿੰਘ ਨਾਲ ਗੱਲ ਵੀ ਕਰਵਾਈ ਤਾਂ ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਵਾਲੇ ਹਨ ,ਜੋ ਰੇਕੀ ਕਰ ਰਹੇ ਹਨ। ਅਕਾਲੀ ਦਲ ਦੇ ਵਰਕਰਾਂ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਦੀ ਗੱਡੀ ਦਾ ਨੰਬਰ ਵੀ ਜਾਅਲੀ ਲੱਗਾ ਹੋਇਆ ਅਤੇ ਸ਼ੀਸ਼ਿਆਂ ਉਪਰ ਜਾਲੀ ਵੀ ਲੱਗੀ ਹੋਈ ਅਤੇ ਹੱਥਕੜੀ ਅਤੇ ਪੁਲੀਸ ਵਰਦੀ ਵੀ ਗੱਡੀ ਵਿਚ ਪਾਈ ਗਈ।
ਦੱਸ ਦੇਈਏ ਕਿ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ। ਇਸ ਦੌਰਾਨ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸਾਂਸਦ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਅਕਾਲੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਰਟੋਲ,ਬਾਲੇ ਚੱਕ ਅਤੇ ਤਰਨਤਾਰਨ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਹੈ।
- PTC NEWS