Bikram Singh Majithia: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਵੱਡੀ ਰਾਹਤ
Bikram Singh Majithia: ਅੰਮ੍ਰਿਤਸਰ ਦੀ ਜਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਮਜੀਠਾ ਪੁਲਿਸ ਸਟੇਸ਼ਨ ਵਿਚ ਦਰਜ ਐਫ਼.ਆਈ.ਆਰ. ਨੰਬਰ 91 ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਇਹ ਮਾਮਲਾ ਬਿਕਰਮ ਸਿੰਘ ਮਜੀਠੀਆ ਅਤੇ ਕਈ ਅਕਾਲੀ ਵਰਕਰਾਂ ਦੇ ਮਜੀਠਾ ਪੁਲਿਸ ਸਟੇਸ਼ਨ ਵਿਚ ਦਾਖਲ ਹੋਣ, ਸਰਕਾਰੀ ਦਸਤਾਵੇਜ਼ ਪਾੜਨ ਅਤੇ ਸਰਕਾਰੀ ਕੰਮਕਾਜ ਵਿਚ ਵਿਘਨ ਪਾਉਣ ਦੇ ਦੋਸ਼ਾਂ ਨਾਲ ਸੰਬੰਧਿਤ ਹੈ। ਇਸ ਤੋਂ ਪਹਿਲਾਂ ਮਜੀਠਾ ਪੁਲਿਸ ਸਟੇਸ਼ਨ ਵਿਚ ਦਰਜ ਐਫ.ਆਈ.ਆਰ. ਨੰਬਰ 91 ਦੇ ਸੰਬੰਧ ਵਿਚ ਪੰਜਾਬ ਪੁਲਿਸ ਦੁਆਰਾ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਮਜੀਠੀਆ ਦੇ ਵਕੀਲ ਬਿਕਰਮਜੀਤ ਸਿੰਘ ਬਾਠ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।
ਪੰਜ ਮੈਂਬਰੀ ਐਸ.ਆਈ.ਟੀ. ਨੇ ਅਦਾਲਤ ਨੂੰ ਦੱਸਿਆ ਕਿ ਵਕੀਲ ਨੂੰ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਐਸ.ਆਈ.ਟੀ. ਨੇ ਅੱਗੇ ਕਿਹਾ ਕਿ ਬਾਠ ਨੇ ਸਿਰਫ਼ ਇਕ ਵਕੀਲ ਵਜੋਂ ਆਪਣੇ ਪੇਸ਼ੇਵਰ ਸਮਰੱਥਾ ਵਿਚ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਸੀ ਤਾਂ ਜੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਆਪਣੇ ਮੁਵੱਕਿਲ ਦੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕੇ।
ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਦੇ ਖ਼ਿਲਾਫ਼ 31 ਮਈ ਨੂੰ ਪੁਲਿਸ ਥਾਣਾ ਮਜੀਠਾ ਵਿੱਚ ਜਬਰੀ ਦਾਖਲ ਹੋਣ ਅਤੇ ਇੱਕ ਬੰਧਕ ਨੂੰ ਛੁਡਾਉਣ ਦਾ ਯਤਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅਕਾਲੀ ਆਗੂ ਮਜੀਠੀਆ ਸਮੇਤ ਹੋਰ ਵੀ ਨਾਮਜਦ ਕੀਤੇ ਗਏ ਸਨ। ਮਜੀਠੀਆ ਵੱਲੋਂ ਇਸ ਸਬੰਧ ਵਿੱਚ ਬੀਤੇ 9 ਜੂਨ ਨੂੰ ਜ਼ਿਲ੍ਹਾ ਅਦਾਲਤ ਵਿੱਚ ਗ੍ਰਿਫਤਾਰੀ ਦੇ ਰੋਕ ਲਾਉਣ ਅਤੇ ਅਗਾਊ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ, ਉਸਦੇ ਵਕੀਲ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਐਡਵੋਕੇਟ ਬਿਕਰਮਜੀਤ ਬਾਠ ਕਾਨੂੰਨੀ ਸਲਾਹਕਾਰ ਦੇ ਰੂਪ ਵਿੱਚ ਘਟਨਾ ਵਾਲੇ ਦਿਨ ਉਸ ਦੇ ਨਾਲ ਸੀ ਅਤੇ ਇਸ ਵਿੱਚ ਉਸਦਾ ਕੋਈ ਰੋਲ ਨਹੀਂ ਹੈ।
ਇਸ ਲਈ ਇਸ ਮਾਮਲੇ ਵਿੱਚ ਉਸਦੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਦਰਜ ਕੀਤਾ ਗਿਆ ਕੇਸ ਕਰਾਰ ਦਿੱਤਾ ਹੈ।
ਇਸ ਸਬੰਧ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਇਕ ਜੂਨ ਨੂੰ ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਅੰਮ੍ਰਿਤਸਰ ਦੇ ਗ੍ਰੀਨ ਐਵੀਨਿਊ ਸਥਿਤ ਰਿਹਾਇਸ਼ ਤੇ ਛਾਪੇਮਾਰੀ ਵੀ ਕੀਤੀ ਗਈ ਸੀ। ਪਰ ਉਹ ਉਸ ਵੇਲੇ ਆਪਣੇ ਘਰ ਨਹੀਂ ਸਨ।
ਇਸ ਦੌਰਾਨ ਮਜੀਠਾ ਕਸਬੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਾਏ ਗਏ ਹਨ। ਦੂਜੇ ਪਾਸੇ ਮਜੀਠੀਆ ਸਮਰਥਕਾਂ ਵੱਲੋਂ ਟਾਈਗਰ ਅਭੀ ਜਿੰਦਾ ਹੈ ,ਦੇ ਨਾਂਅ ਹੇਠ ਪੋਸਟਰ ਲਾਏ ਗਏ ਹਨ।
- PTC NEWS