Bathinda 'ਚ 300 ਬਿਸਤਰਿਆਂ ਦੇ ਟਰੌਮਾ ਸੈਂਟਰ ਨੂੰ ਮਨਜੂਰੀ ਮਿਲਣ 'ਤੇ ਸ਼ਹਿਰੀ ਹਲਕਾ ਇੰਚਾਰਜ ਅਤੇ ਅਕਾਲੀ ਵਰਕਰਾਂ ਨੇ MP ਹਰਸਿਮਰਤ ਕੌਰ ਬਾਦਲ ਦਾ ਕੀਤਾ ਧੰਨਵਾਦ
Bathinda News : ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਯਤਨਾਂ 300 ਬੈੱਡਾਂ ਦੇ ਟਰੌਮਾ ਸੈਂਟਰ ਦੀ ਸਥਾਪਨਾ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਅਕਾਲੀ ਵਰਕਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਕਾਰਜ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ।
ਹਲਕਾ ਇੰਚਾਰਜ ਨੇ ਦੱਸਿਆ ਕਿ ਹਸਪਤਾਲ ਵਿੱਚ ਐਮਰਜੰਸੀ ਵਾਰਡ ਵਿੱਚ ਬੈਡਾਂ ਦੀ ਕਮੀ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇਸ ਹਸਪਤਾਲ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਮਰੀਜ਼ ਵੀ ਐਮਰਜੈਂਸੀ ਹਾਲਾਤਾਂ ਦੌਰਾਨ ਪੁੱਜਦੇ ਹਨ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਪਾਰਲੀਮੈਂਟ ਵਿੱਚ ਉਠਾਇਆ ਗਿਆ ਸੀ ,ਜਿਸ ਤੋਂ ਬਾਅਦ ਐਮਰਜੈਂਸੀ ਵਿੱਚ 300 ਬੈਡ ਮਨਜ਼ੂਰ ਕਰ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਇਹਨਾਂ ਨੇ ਹੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਬੰਦੇ ਮਾਤਰਮ ਟਰੇਨ ਨੂੰ ਬਠਿੰਡਾ ਵਿੱਚ ਰੋਕੇ ਜਾਣ ਦਾ ਵੀ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਵਪਾਰੀਆਂ ਦੀ ਲੰਮੇ ਸਮੇਂ ਦੀ ਮੰਗ ਸੀ ਕਿ ਫਿਰੋਜਪੁਰ ਤੋਂ ਦਿੱਲੀ ਜਾਣ ਵਾਲੀ ਬੰਦੇ ਮਾਤਰਮ ਟ੍ਰੇਨ ਨੂੰ ਬਠਿੰਡਾ ਵਿੱਚ ਸਟੋਪ ਦਿੱਤਾ ਜਾਵੇ, ਜਿਸ ਦੀ ਮੰਗ ਹਰਸਿਮਰਤ ਕੌਰ ਬਾਦਲ ਵੱਲੋਂ ਉਠਾਈ ਗਈ ਅਤੇ ਉਸ ਮੰਗ ਨੂੰ ਵੀ ਹੁਣ ਪੂਰਾ ਕੀਤਾ ਗਿਆ ਹੈ।
ਇਸ ਲਈ ਇਸ ਕਾਰਜ ਲਈ ਵੀ ਜਿੱਥੇ ਹਰਸਿਮਰਤ ਕੌਰ ਬਾਦਲ ਦਾ ਉਹਨਾਂ ਧੰਨਵਾਦ ਕੀਤਾ ,ਉੱਥੇ ਹੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਿਹਰਾ ਅਕਾਲੀ ਦਲ ਨੂੰ ਦਿੱਤਾ। ਅਕਾਲੀ ਆਗੂ ਨੇ ਕਿਹਾ ਕਿ ਬਠਿੰਡਾ ਅੰਦਰ ਜੋ ਵੀ ਵੱਡੇ ਪ੍ਰੋਜੈਕਟ ਹਨ ,ਉਹ ਅਕਾਲੀ ਸਰਕਾਰ ਸਮੇਂ ਅਤੇ ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਹੀ ਲਿਆਂਦੇ ਗਏ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਵੱਡਾ ਪ੍ਰੋਜੈਕਟ ਲਿਆਉਣਾ ਦੂਰ ਦੀ ਗੱਲ ਸਗੋਂ ਚੱਲ ਰਹੇ ਪ੍ਰੋਜੈਕਟਾਂ ਨੂੰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।
ਅਕਾਲੀ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੰਗਲਾ ਪੰਜਾਬ ਅਕਾਊਂਟ ਬਣਾ ਕੇ ਜੋ ਪੈਸਾ ਇਕੱਠਾ ਕੀਤਾ ਹੈ ,ਉਸ ਦਾ ਹਿਸਾਬ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਕਿ ਉਹ ਕਿੱਥੇ -ਕਿੱਥੇ ਕਿਸ ਲਈ ਖਰਚ ਕੀਤਾ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਬਠਿੰਡਾ ਕਾਰਪੋਰੇਸ਼ਨ ਵਿੱਚ ਨਕਸ਼ਿਆਂ ਦੇ ਨਾਮ 'ਤੇ ਸ਼ਹਿਰ ਵਾਸੀਆਂ ਦੀ ਲੁੱਟ ਕੀਤੀ ਜਾ ਰਹੀ ਹੈ, ਕਾਰਪੋਰੇਸ਼ਨ ਦੇ ਵਿੱਚ ਕੋਈ ਵੀ ਕੰਮ ਬਿਨਾਂ ਪੈਸੇ ਤੋਂ ਨਹੀਂ ਹੋ ਰਿਹਾ ਅਤੇ ਭ੍ਰਿਸ਼ਟਾਚਾਰ ਸਿਖਰਾਂ ਨੂੰ ਛੂਹ ਰਿਹਾ ਹੈ।
- PTC NEWS