Salman Khan ਨੇ ਪੰਜਾਬ ‘ਚ ਆਏ ਹੜ੍ਹਾਂ ‘ਤੇ ਜਤਾਈ ਚਿੰਤਾ, ਲੋਕਾਂ ਨੂੰ ਮਦਦ ਕਰਨ ਦੀ ਕੀਤੀ ਅਪੀਲ
Salman Khan : ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਕਲਾਕਾਰ ਪੰਜਾਬ ਲਈ ਅੱਗੇ ਆ ਰਹੇ ਹਨ। ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਅਕਸ਼ੈ ਕੁਮਾਰ, ਰਣਦੀਪ ਹੁੱਡਾ, ਕਪਿਲ ਸ਼ਰਮਾ, ਦਿਲਜੀਤ ਦੋਸਾਂਝ, ਐਮੀ ਵਿਰਕ, ਅਰਜੁਨ ਢਿਲੋਂ ਅਤੇ ਸੁਨੰਦਾ ਸ਼ਰਮਾ ਵਰਗੇ ਸਿਤਾਰਿਆਂ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ Bigg Boss ‘‘ਵੀਕੈਂਡ ਕਾ ਵਾਰ’ ‘ ‘ਚ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਮੁਸੀਬਤ ਆਈ ਤਾਂ ਪੰਜਾਬ ਨੇ ਹਮੇਸ਼ਾ ਮਦਦ ਕੀਤੀ ਹੈ। ਅੱਜ ਪੰਜਾਬ ਖੁਦ ਮੁਸ਼ਕਿਲ ਹਾਲਾਤਾਂ ‘ਚੋਂ ਲੰਘ ਰਿਹਾ ਹੈ। ਜਿਹੜੇ ਕਿਸਾਨ ਸਾਡੇ ਲਈ ਅਨਾਜ ਪੈਦਾ ਕਰਦੇ ਹਨ। ਅੱਜ ਉਨ੍ਹਾਂ ਕੋਲ ਖਾਣ ਲਈ ਅਨਾਜ ਤੇ ਰਹਿਣ ਲਈ ਘਰ ਨਹੀਂ ਹੈ। ਸਾਨੂੰ ਸਭ ਨੂੰ ਪੰਜਾਬ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਹਾਲਾਤ ਬਹੁਤ ਬੁਰੇ ਹਨ। ਹੁਣ ਇਨ੍ਹਾਂ ਉਤੇ ਆਫਤ ਆਈ ਹੈ। ਸਾਡਾ ਫਰਜ਼ ਬਣਦਾ ਹੈ ਕੀ ਅਸੀਂ ਉਨ੍ਹਾਂ ਲਈ ਕੁਝ ਕਰੀਏ।
ਸਲਮਾਨ ਖਾਨ ਨੇ ਕਿਹਾ ਕਿ ਸਿੱਖ ਕੌਮ ਲੰਗਰ ਲਗਾਉਣ ਤੇ ਬਿਨ੍ਹਾਂ ਕਿਸੇ ਸਵਾਰਥ ਦੇ ਲੋਕਾਂ ਦੀ ਮਦਦ ਲਈ ਜਾਣੀ ਜਾਂਦੀ ਹੈ। ਸੈਂਕੜੇ ਸਾਲਾਂ ਤੋਂ ਇਸ ਭਾਈਚਾਰੇ ਨੇ ਲੋਕਾਂ ਨੂੰ ਲੰਗਰ ਵੰਡਿਆ ਹੈ, ਕਦੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਕਦੇ ਕਿਸੇ ਨੂੰ ਭੁੱਖੇ ਢਿੱਡ ਵਾਪਸ ਨਹੀਂ ਜਾਣ ਦਿੱਤਾ। ਹੁਣ ਸਾਡੀ ਵਾਰੀ ਹੈ ਕਿ ਅਸੀਂ ਪੰਜਾਬ ਦੀ ਮਦਦ ਕਰੀਏ। ਪੰਜਾਬ ਦੇ ਕਈ ਗਾਇਕਾਂ ਨੇ ਕਾਫੀ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ।
ਦੱਸ ਦੇਈਏ ਕਿ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਦਾਕਾਰ ਸਲਮਾਨ ਖਾਨ ਅੱਗੇ ਆਏ ਹਨ। ਉਨ੍ਹਾਂ ਦੀ ਫਾਊਂਡੇਸ਼ਨ ਨੇ ਹੜ੍ਹ ਰਾਹਤ ਲਈ 5 ਕਿਸ਼ਤੀਆਂ ਭੇਜੀਆਂ ਹਨ। ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਟੂਰਿਜ਼ਮ ਚੇਅਰਮੈਨ ਦੀਪਕ ਬਾਲੀ ਨੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਪਿੰਡ ਦਾ ਦੌਰਾ ਕੀਤਾ ਅਤੇ ਸਲਮਾਨ ਖਾਨ ਦੇ ਐਨ.ਜੀ.ਓ. ਵੱਲੋਂ ਭੇਜੀਆਂ ਗਈਆਂ ਕਿਸ਼ਤੀਆਂ ਪ੍ਰਸ਼ਾਸਨ ਨੂੰ ਸੌਂਪੀਆਂ।
ਇਨ੍ਹਾਂ ਵਿੱਚੋਂ 2 ਕਿਸ਼ਤੀਆਂ ਫਿਰੋਜ਼ਪੁਰ ਸਰਹੱਦ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਹਨ ਜਦੋਂ ਕਿ ਬਾਕੀ ਦੀਆਂ ਕਿਸ਼ਤੀਆਂ ਸੂਬੇ ਭਰ ਵਿੱਚ ਬਚਾਅ ਕਾਰਜਾਂ ਵਿੱਚ ਵਰਤੀਆਂ ਜਾਣਗੀਆਂ। ਦੀਪਕ ਬਾਲੀ ਨੇ ਇਹ ਵੀ ਦੱਸਿਆ ਕਿ ਸਥਿਤੀ ਆਮ ਹੋਣ ਤੋਂ ਬਾਅਦ ਸਲਮਾਨ ਖਾਨ ਦੀ ਫਾਊਂਡੇਸ਼ਨ ਬੀਇੰਗ ਹਿਊਮਨ ਹੁਸੈਨੀਵਾਲਾ ਨਾਲ ਲੱਗਦੇ ਸਰਹੱਦੀ ਕਈ ਪਿੰਡ ਗੋਦ ਲਵੇਗੀ।
- PTC NEWS