Sangrur 'ਚ 10 ਦੇ ਕਰੀਬ ਐਮਸੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਸੰਗਰੂਰ ਦੇ ਦਫਤਰ ਨੂੰ ਲਗਾਇਆ ਤਾਲਾ
Sangrur News : ਸੰਗਰੂਰ ਸ਼ਹਿਰ ਵਿੱਚ ਅੱਜ ਨਗਰ ਕੌਂਸਲ ਦੇ ਕੰਮਕਾਜ ਨੂੰ ਲੈ ਕੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਲਗਭਗ 10 ਦੇ ਕਰੀਬ ਨਗਰ ਕੌਂਸਲਰਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਸੰਗਰੂਰ ਦੇ ਦਫ਼ਤਰ ਦੇ ਦੋਵੇਂ ਗੇਟਾਂ 'ਤੇ ਤਾਲੇ ਲਗਾ ਦਿੱਤੇ ਅਤੇ ਬਾਹਰ ਖੜ੍ਹ ਕੇ ਪ੍ਰਧਾਨ ਅਤੇ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਐਮਸੀਆਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ, ਗਲੀਆਂ ਟੁੱਟੀਆਂ ਪਈਆਂ ਹਨ ਪਰ ਨਗਰ ਕੌਂਸਲ ਵੱਲੋਂ ਕਿਸੇ ਵੀ ਤਰ੍ਹਾਂ ਦਾ ਵਿਕਾਸੀ ਕੰਮ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਆਰੋਪ ਲਗਾਇਆ ਕਿ ਹਾਲਾਂਕਿ ਕਈ ਵਰਕ ਆਰਡਰ ਜਾਰੀ ਹੋ ਚੁੱਕੇ ਹਨ, ਫਿਰ ਵੀ ਕਿਸੇ ਵੀ ਮਹੱਲੇ ਜਾਂ ਵਾਰਡ ਵਿੱਚ ਕੋਈ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ।
ਮੀਡੀਆ ਨਾਲ ਗੱਲਬਾਤ ਦੌਰਾਨ ਐਮਸੀਆਂ ਨੇ ਆਪਣੇ ਹੱਥਾਂ ਵਿੱਚ ਵਿਕਾਸ ਕਾਰਜਾਂ ਦੇ ਵਰਕ ਆਰਡਰ ਦੀਆਂ ਕਾਪੀਆਂ ਦਿਖਾਈਆਂ ਅਤੇ ਸਵਾਲ ਖੜ੍ਹਾ ਕੀਤਾ ਕਿ ਜਦੋਂ ਸੁਨਾਮ ਅਤੇ ਦਿੜਬਾ ਵਰਗੇ ਕਸਬਿਆਂ ਵਿੱਚ ਵੱਡੇ ਪੱਧਰ 'ਤੇ ਵਿਕਾਸ ਹੋ ਰਿਹਾ ਹੈ ਤਾਂ ਸੰਗਰੂਰ ਨਾਲ ਮਾਤਰਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ?
ਉਨ੍ਹਾਂ ਨੇ ਆਰੋਪ ਲਗਾਇਆ ਕਿ ਨਗਰ ਕੌਂਸਲ ਪ੍ਰਧਾਨ ਪਿਛਲੇ ਲੰਮੇ ਸਮੇਂ ਤੋਂ ਨਾ ਉਨ੍ਹਾਂ ਦੀਆਂ ਗੱਲਾਂ ਸੁਣਦਾ ਹੈ ਅਤੇ ਨਾ ਹੀ ਕਿਸੇ ਕੰਮ 'ਤੇ ਕਾਰਵਾਈ ਕਰਦਾ ਹੈ। ਐਮਸੀਆਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੁਆਰਾ ਚੁਣੇ ਗਏ ਹਨ ਅਤੇ ਲੋਕ ਉਨ੍ਹਾਂ ਤੋਂ ਆਸ ਰੱਖਦੇ ਹਨ ਪਰ ਕੌਂਸਲ ਦੀ ਗੈਰ-ਸਰਗਰਮੀ ਕਾਰਨ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਨਾਰਾਜ਼ ਐਮਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਵਿਕਾਸ ਕੰਮ ਸ਼ੁਰੂ ਨਾ ਹੋਏ ਤਾਂ ਉਨ੍ਹਾਂ ਦਾ ਇਹ ਰੋਸ ਹੋਰ ਤਿੱਖਾ ਰੂਪ ਧਾਰ ਸਕਦਾ ਹੈ।
- PTC NEWS