Punjab News : ਈਰਾਨ 'ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਕੀਤਾ ਅਗਵਾ , ਬੰਧਕ ਬਣਾ ਕੇ ਡੋਂਕਰ ਪਾਕਿਸਤਾਨੀ ਖਾਤਿਆਂ 'ਚ ਮੰਗ ਰਹੇ ਪੈਸੇ
Punjab News : ਦਿੱਲੀ ਤੋਂ ਆਸਟ੍ਰੇਲੀਆ ਲਈ ਨਿਕਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਏਜੰਟਾਂ ਨੇ ਧੋਖੇ ਨਾਲ ਈਰਾਨ ਵਿੱਚ ਠਹਿਰਨ ਦੇ ਬਹਾਨੇ ਅਗਵਾ ਕਰ ਲਿਆ ਹੈ। ਹੁਣ ਨੌਜਵਾਨਾਂ ਦੇ ਪਰਿਵਾਰਾਂ ਤੋਂ ਉਨ੍ਹਾਂ ਨੂੰ ਰਿਹਾਅ ਕਰਨ ਦੇ ਬਦਲੇ ਕਰੋੜਾਂ ਰੁਪਏ ਮੰਗੇ ਜਾ ਰਹੇ ਹਨ। ਉਨ੍ਹਾਂ ਨੂੰ ਪਾਕਿਸਤਾਨ ਦੇ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਪੀੜਤ ਨੌਜਵਾਨਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਧੂਰੀ ਦਾ ਰਹਿਣ ਵਾਲੇ ਹੁਸ਼ਨਪ੍ਰੀਤ ਸਿੰਘ, ਨਵਾਂਸ਼ਹਿਰ ਦਾ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦਾ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ। ਇਸ ਦੌਰਾਨ ਹੁਸ਼ਿਆਰਪੁਰ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਹੈ। ਦੋਸ਼ੀਆਂ ਵਿੱਚ ਟ੍ਰੈਵਲ ਏਜੰਟ ਧੀਰਜ ਅਤੇ ਕਮਲ ਦੇ ਨਾਲ ਇੱਕ ਔਰਤ ਵੀ ਸ਼ਾਮਲ ਹੈ। ਉਨ੍ਹਾਂ ਵਿਰੁੱਧ ਅਗਵਾ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ ਮੰਤਰਾਲੇ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਓਧਰ ਈਰਾਨ ਵਿੱਚ ਭਾਰਤੀ ਦੂਤਾਵਾਸ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਨੇੜੇ ਹੈ। ਉਮੀਦ ਹੈ ਕਿ ਇਸ ਸਬੰਧ ਵਿੱਚ ਜਲਦੀ ਹੀ ਚੰਗੀ ਖ਼ਬਰ ਆਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਨਹੀਂ ਭੇਜਣਾ ਚਾਹੀਦਾ।
ਮਾਂ ਨੇ ਦੱਸਿਆ ਕਿਵੇਂ ਏਜੰਟ ਨੇ ਧੋਖਾ ਕੀਤਾ
ਹੁਸ਼ਿਆਰਪੁਰ ਨਿਵਾਸੀ ਗੁਰਦੀਪ ਕੌਰ ਨੇ ਦੱਸਿਆ ਕਿ ਮੁੰਡਾ 25 ਅਪ੍ਰੈਲ ਨੂੰ ਘਰੋਂ ਗਿਆ ਸੀ। ਦਿੱਲੀ 'ਚ ਓਸੇ ਏਜੰਟ ਦੇ ਜ਼ਰੀਏ ਉਸ ਦੇ ਦੋ ਹੋਰ ਸਾਥੀ ਵੀ ਜਾ ਰਹੇ ਸਨ। ਦਿੱਲੀ ਵਿੱਚ ਹੋਟਲ ਬੁੱਕ ਕਰਵਾਇਆ ਹੋਇਆ ਸੀ। 26 ਅਪ੍ਰੈਲ ਦੀ ਫਲਾਈਟ ਬੁੱਕ ਕਰਵਾਉਣੀ ਸੀ ਪਰ ਏਜੰਟ ਨੇ ਫਲਾਈਟ ਰੱਦ ਕਰਵਾ ਦਿੱਤੀ। ਫਿਰ 29 ਤਰੀਕ ਦੀ ਫਲਾਈਟ ਵੀ ਰੱਦ ਕਰਵਾ ਦਿੱਤੀ। ਏਜੰਟ ਨੇ ਕਿਹਾ ਕਿ ਦਿੱਲੀ ਤੋਂ ਆਸਟ੍ਰੇਲੀਆ ਲਈ ਕੋਈ ਸਿੱਧੀ ਫਲਾਈਟ ਨਹੀਂ ਹੈ। ਹੁਣ ਸਟੇ ਵਾਲੀ ਮਿਲਣੀ ਹੈ। ਈਰਾਨ ਵਿੱਚ ਸਟੇ ਹੋਵੇਗੀ। ਇਹ ਇੱਕ ਦਿਨ ਦੀ ਹੋਵੇਗੀ। ਹੋਟਲ ਉੱਥੇ ਬੁੱਕ ਹੈ। ਇਸ ਤੋਂ ਬਾਅਦ ਤੁਹਾਨੂੰ ਆਸਟ੍ਰੇਲੀਆ ਲੈ ਜਾਇਆ ਜਾਵੇਗਾ।
ਜਦੋਂ ਈਰਾਨ ਉਤਰੇ ਤਾਂ ਪੁੱਤਰ ਨੇ ਫ਼ੋਨ ਕਰਕੇ ਕਿਹਾ ਕਿ ਟੈਕਸੀ ਡਰਾਈਵਰ ਆ ਗਿਆ ਹੈ। ਅਸੀਂ ਖਾਣਾ ਖਾ ਲਿਆ ਹੈ। ਉਸਨੇ ਉਹੀ ਕਿਹਾ ਜੋ ਏਜੰਟ ਨੇ ਪੁੱਤਰ ਨੂੰ ਕਿਹਾ ਸੀ। ਇਸ ਤੋਂ ਬਾਅਦ ਉਸਨੇ ਕਿਹਾ ਕਿ ਉਹ 3 ਵਜੇ ਫ਼ੋਨ ਕਰੇਗਾ ਅਤੇ ਫਿਰ ਗੱਲ ਕਰੇਗਾ। ਇਸ ਤੋਂ ਬਾਅਦ ਉਸਨੇ ਕਿਹਾ ਕਿ ਮੰਮੀ, ਉਹ ਸਾਨੂੰ ਗਲਤ ਜਗ੍ਹਾ 'ਤੇ ਲੈ ਆਏ ਹਨ। ਉਹ ਸਾਨੂੰ ਕੁੱਟ ਰਹੇ ਹਨ। ਉਹ ਸਾਡੇ ਤੋਂ ਪੈਸੇ ਮੰਗ ਰਹੇ ਹਨ। ਉਸਨੇ ਦੱਸਿਆ ਕਿ ਉਹ ਤੀਜੇ ਨੌਜਵਾਨ ਦੇ ਫ਼ੋਨ ਤੋਂ ਫ਼ੋਨ ਕਰ ਰਹੇ ਸਨ ਕਿਉਂਕਿ ਦੋ ਮੁੰਡਿਆਂ ਕੋਲ ਆਈਫੋਨ ਸਨ। ਪਹਿਲਾਂ ਉਹ 55 ਲੱਖ, ਫਿਰ ਡੇਢ ਅਤੇ ਹੁਣ ਇੱਕ ਕਰੋੜ ਰੁਪਏ ਮੰਗ ਰਹੇ ਹਨ। ਹੁਣ ਕਹਿ ਰਹੇ ਹਨ ਕਿ 55 ਲੱਖ ਦੇ ਦਿਓ।
ਜਦੋਂ ਅਸੀਂ ਪੁੱਛਿਆ ਕਿ ਪੈਸੇ ਕਿੱਥੇ ਪਾਉਣੇ ਹਨ ਤਾਂ ਜਵਾਬ ਆਇਆ ਕਿ ਉਨ੍ਹਾਂ ਨੇ ਬੈਂਕ ਖਾਤੇ ਦਿੱਤੇ ਹਨ। ਜਦੋਂ ਜਾਂਚ ਕੀਤੀ ਗਈ ਤਾਂ ਉਹ ਪਾਕਿਸਤਾਨ ਦੇ ਨੰਬਰ ਦੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਦੂਤਾਵਾਸ ਨਾਲ ਗੱਲ ਕਰਨਗੇ ਪਰ ਹੁਣ ਤੱਕ ਇਸ ਦਿਸ਼ਾ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਅਸੀਂ ਸਿਰਫ਼ ਇੱਕ ਹੀ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ।
- PTC NEWS