Sanitation Workers Strike : ਨੰਗਲ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ; ਗੰਦਗੀ ਦੇ ਵੱਡੇ-ਵੱਡੇ ਢੇਰ ਲੱਗਣੇ ਹੋਏ ਸ਼ੁਰੂ
Sanitation Workers Strike : ਨਗਰ ਕੌਂਸਲ ਨੰਗਲ ਦੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਨਾਲ ਸ਼ਹਿਰ ਦੀ ਸਫਾਈ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗੰਦਗੀ ਦੇ ਵੱਡੇ ਢੇਰ ਲੱਗਣੇ ਸ਼ੁਰੂ ਹੋ ਚੁੱਕੇ ਹਨ, ਜਿਸ ਨਾਲ ਨਾ ਸਿਰਫ਼ ਨੰਗਲ ਦੀ ਖੂਬਸੂਰਤੀ ਨੂੰ ਝਟਕਾ ਲੱਗ ਰਿਹਾ ਹੈ, ਸਗੋਂ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ।
ਸਫਾਈ ਕਰਮਚਾਰੀਆਂ ਨੇ ਧਰਨਾ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦ ਬਜਾਏ ਪ੍ਰਾਈਵੇਟ ਕੰਪਨੀਆਂ ਨੂੰ ਸਫਾਈ ਦਾ ਕੰਮ ਦੇਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ 2022 ਵਿੱਚ ਨਵੀਂ ਸਰਕਾਰ ਬਣਨ ਸਮੇਂ ਉਹਨਾਂ ਨੂੰ ਵੱਡੀਆਂ ਉਮੀਦਾਂ ਸਨ ਕਿ ਸੇਵਾਵਾਂ ਪੱਕੀਆਂ ਕੀਤੀਆਂ ਜਾਣਗੀਆਂ, ਪਰ ਹਕੀਕਤ ਵਿੱਚ ਉਲਟ ਉਹਨਾਂ ਦੇ ਰੋਜ਼ਗਾਰ ਉੱਤੇ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਕਰਮਚਾਰੀਆਂ ਨੇ ਸਰਕਾਰ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਹੜਤਾਲ ਦੇ ਸਮਰਥਨ ਵਿੱਚ ਅੱਜ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਆਪਣੀ ਪੂਰੀ ਟੀਮ ਸਮੇਤ ਸਫਾਈ ਕਰਮਚਾਰੀਆਂ ਦੇ ਧਰਨੇ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵਾਜਬ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਮੁੱਦਿਆਂ ਦਾ ਜਲਦ ਤੋਂ ਜਲਦ ਹੱਲ ਕਰੇ। ਉਹਨਾਂ ਦਾਅਵਾ ਕੀਤਾ ਕਿ ਜਦੋਂ ਤੱਕ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੇ ਹਨ।
ਨੰਗਲ, ਜਿਸ ਨੂੰ “ਮਿੰਨੀ ਚੰਡੀਗੜ੍ਹ” ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਆਪਣੀ ਸੁੰਦਰਤਾ ਅਤੇ ਸਫ਼ਾਈ ਲਈ ਪੂਰੇ ਪੰਜਾਬ ਵਿੱਚ ਖ਼ਾਸ ਪਛਾਣ ਰੱਖਦਾ ਹੈ। ਪਰ ਹਾਲੀਆ ਹੜਤਾਲ ਕਾਰਨ ਸੜਕਾਂ, ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਕੂੜੇ ਦੇ ਢੇਰ ਲੱਗਣ ਕਾਰਨ ਸ਼ਹਿਰ ਦੀ ਰੌਣਕ ਨੂੰ ਨਜ਼ਰ ਲੱਗੀ ਲਗਦੀ ਹੈ। ਸ਼ਹਿਰ ਵਾਸੀਆਂ ਵਿੱਚ ਵੀ ਇਸ ਸਥਿਤੀ ਨੂੰ ਲੈ ਕੇ ਨਾਰਾਜ਼ਗੀ ਵੱਧ ਰਹੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਜੇ ਹੜਤਾਲ ਲੰਬੀ ਖਿਚ ਗਈ ਤਾਂ ਹਾਲਤ ਹੋਰ ਵੀ ਗੰਭੀਰ ਹੋ ਸਕਦੇ ਹਨ।
ਲੋੜ ਹੈ ਕਿ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਮੰਨੇ ਤਾਂ ਜੋ ਉਹ ਜਲਦੀ ਤੋਂ ਜਲਦੀ ਆਪਣੀਆਂ ਡਿਊਟੀਆਂ ’ਤੇ ਵਾਪਸ ਆ ਸਕਣ ਅਤੇ ਨੰਗਲ ਸ਼ਹਿਰ ਦੀ ਸੁੰਦਰਤਾ ਮੁੜ ਬਹਾਲ ਹੋ ਸਕੇ।
ਇਹ ਵੀ ਪੜ੍ਹੋ : Barnala News : ਪਰਵਾਸੀਆਂ ਖਿਲਾਫ਼ ਰੋਹ; ਹੁਣ ਪਿੰਡ ਕੱਟੂ ਦੀ ਪੰਚਾਇਤ ਨੇ ਪਾਸ ਕੀਤਾ ਮਤਾ, ਜਾਣੋ ਕਿਹੜੀਆਂ-ਕਿਹੜੀਆਂ ਗੱਲਾਂ 'ਤੇ ਬਾਈਕਾਟ
- PTC NEWS