Punjab Schools News : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਲਕੇ ਵੀ ਬੰਦ ਰਹਿਣਗੇ ਸਕੂਲ ਅਤੇ ਕਾਲਜ , 8 ਵਜੇ ਤੋਂ ਬਲੈਕਆਊਟ
Punjab Schools News : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ 'ਤੇ ਸਥਿਤੀ ਆਮ ਹੋਣ ਲੱਗੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਾਰੇ ਬੰਦ ਸਕੂਲ -ਕਾਲਜ ਅਤੇ ਯੂਨੀਵਰਸਟੀਆਂ 12 ਮਈ ਤੋਂ ਦੋਬਾਰਾ ਖੁੱਲਣਗੇ। ਹਾਲਾਂਕਿ, ਪਾਕਿਸਤਾਨ ਸਰਹੱਦ ਨਾਲ ਲੱਗਦੇ ਪਠਾਨਕੋਟ,ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਸਾਰੇ ਸਕੂਲ ਫਿਲਹਾਲ ਬੰਦ ਰਹਿਣਗੇ।
ਭਲਕੇ ਗੁਰਦਾਸਪੁਰ ਦੇ ਸਮੂਹ ਵਿਦਿਅਕ ਅਦਾਰੇ ਰਹਿਣਗੇ ਬੰਦ
ਪੰਜਾਬ ਸਰਕਾਰ ਵਲੋਂ ਭਾਵੇਂ ਸੂਬੇ ਦੇ ਵਿੱਦਿਅਕ ਅਦਾਰੇ ਖੋਲ੍ਹਣ ਦੀ ਗੱਲ ਕਹੀ ਗਈ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੀਆਂ ਆਈਆਂ ਹਿਦਾਇਤਾਂ ਮੁਤਾਬਿਕ 12 ਮਈ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਵਿੱਦਿਅਕ ਅਦਾਰੇ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਵਲੋਂ ਜਾਰੀ ਕੀਤੇ ਸੰਦੇਸ਼ ’ਚ ਦੱਸਿਆ ਕਿ ਜ਼ਿਲ੍ਹੇ 'ਚ ਰਾਤ ਸਮੇਂ ਬਲੈਕਆਊਟ ਜਾਰੀ ਰਹੇਗਾ। ਅੱਜ ਰਾਤ 8 ਵਜੇ ਆਪਣੀ ਲਾਈਟਾਂ ਸਵੈ-ਇੱਛਾ ਨਾਲ ਬੰਦ ਕਰ ਦਿੱਤੀਆਂ ਜਾਣ ਅਤੇ ਜ਼ਰੂਰਤ ਤੋਂ ਬਗੈਰ ਬਾਹਰ ਨਾ ਨਿਕਲਿਆ ਜਾਵੇ। ਉਨ੍ਹਾਂ ਦੱਸਿਆ ਕਿ ਸਥਿਤੀ ਇਸ ਵੇਲੇ ਸ਼ਾਂਤੀਪੂਰਨ ਹੈ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਨੇਹਿਆਂ ਪ੍ਰਤੀ ਸੁਚੇਤ ਰਿਹਾ ਜਾਵੇ ਅਤੇ ਕਿਸੇ ਵੀ ਖ਼ਤਰੇ ਦੀ ਸਥਿਤੀ ਵਿਚ ਸੂਚਿਤ ਕੀਤਾ ਜਾਵੇਗਾ।
ਭਲਕੇ ਅੰਮ੍ਰਿਤਸਰ ਦੇ ਸਮੂਹ ਵਿਦਿਅਕ ਅਦਾਰੇ ਰਹਿਣਗੇ ਬੰਦ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਸਰਕਾਰੀ/ਏਡਿਡ/ਪ੍ਰਾਈਵੇਟ ਸਕੂਲ ਕੱਲ੍ਹ ਮਿਤੀ 12 ਮਈ ਨੂੰ ਪੂਰਨ ਤੌਰ 'ਤੇ ਬੰਦ ਰਹਿਣਗੇ। ਅਧਿਆਪਕ ਆਪਣੇ ਘਰਾਂ ਤੋਂ ਵਿਦਿਅਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਸਕਦੇ ਹਨ। ਕਿਸੇ ਵੀ ਅਧਿਆਪਕ ਨੂੰ ਸਕੂਲ ਨਾ ਬੁਲਾਇਆ ਜਾਵੇ, ਸਕੂਲਾਂ ਨੂੰ ਪੂਰਣ ਤੌਰ 'ਤੇ ਬੰਦ ਰੱਖਿਆ ਜਾਵੇ।
ਪਠਾਨਕੋਟ ਵਿਚ ਕੱਲ੍ਹ ਸਕੂਲ ਬੰਦ ਰਹਿਣਗੇ
ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 8 ਵਜੇ ਸਵੈ-ਇੱਛਾ ਨਾਲ ਲਾਈਟਾਂ ਬੰਦ ਰੱਖੀਆਂ ਜਾਣ। ਪਠਾਨਕੋਟ ਵਿਚ ਕੱਲ੍ਹ ਲਈ ਸਕੂਲ ਬੰਦ ਰਹਿਣਗੇ । ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਕਾਰਨ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਘਰ ਅੰਦਰ ਪੂਰੀ ਤਰ੍ਹਾਂ ਨਾਲ ਸੁਚੇਤ ਅਤੇ ਸ਼ਾਂਤ ਰਹੋ। ਜਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀਆਂ ਜਾਣ ਵਾਲੀਆਂ ਹਿਦਾਇਤਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ -ਕਿਸੇ ਵੀ ਸਥਿਤੀ ਵਿਚ ਬਦਲਾਅ ਹੁੰਦਾ ਹੈ ਤਾਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ ।
ਕਿਉਂ ਬੰਦ ਕੀਤੇ ਗਏ ਸੀ ਸਕੂਲ ਅਤੇ ਕਾਲਜ ?
ਦਰਅਸਲ, ਪੰਜਾਬ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਵਧਦੇ ਤਣਾਅ ਕਾਰਨ 9 ਅਤੇ 10 ਮਈ ਨੂੰ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਇਹ ਕਦਮ 'ਆਪ੍ਰੇਸ਼ਨ ਸਿੰਦੂਰ' ਤਹਿਤ ਸਰਹੱਦ 'ਤੇ ਫੌਜੀ ਕਾਰਵਾਈ ਅਤੇ ਡਰੋਨ ਹਮਲਿਆਂ ਦੇ ਡਰ ਕਾਰਨ ਚੁੱਕਿਆ ਗਿਆ ਸੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ, ਜਿਵੇਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ, ਵਿੱਚ ਸੁਰੱਖਿਆ ਕਾਰਨਾਂ ਕਰਕੇ ਵਿਸ਼ੇਸ਼ ਚੌਕਸੀ ਰੱਖੀ ਗਈ ਸੀ।
- PTC NEWS