Tajikistan 'ਚ ਫਸੇ 7 ਪੰਜਾਬੀ ਨਾਗਰਿਕਾਂ ਨੂੰ ਸੋਮਵਾਰ ਨੂੰ ਪੰਜਾਬ ਵਾਪਸ ਲਿਆਂਦਾ ਜਾਵੇਗਾ : MP ਵਿਕਰਮਜੀਤ ਸਿੰਘ ਸਹਨੀ
Punjabi youth stranded in Tajikistan : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਨੀ ਨੇ ਕਿਹਾ ਕਿ ਤਾਜਿਕਿਸਤਾਨ 'ਚ ਫਸੇ ਸੱਤ ਪੰਜਾਬੀ ਨਾਗਰਿਕਾਂ ਨੂੰ ਸੋਮਵਾਰ ਨੂੰ ਭਾਰਤ ,ਪੰਜਾਬ ਵਾਪਸ ਲਿਆਂਦਾ ਜਾਵੇਗਾ। ਸਹਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਿਆ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਤਾਜਿਕਿਸਤਾਨ 'ਚ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਤਾਂ ਜੋ ਉੱਥੇ ਫਸੇ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਿਦੇਸ਼ਾਂ 'ਚ ਫਸੇ ਲੋਕ ਅਕਸਰ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟੈਗ ਕਰਦੇ ਹਨ, ਕਿਉਂਕਿ ਉਹ ਪਹਿਲਾਂ ਵੀ ਕਈਆਂ ਦੀ ਮਦਦ ਕਰ ਚੁੱਕੇ ਹਨ ਤਾਂ ਸਹਨੀ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਐਸਆਈਟੀ (SIT) ਵੀ ਬਣਾਈ ਗਈ ਹੈ ਤਾਂ ਜੋ ਯਾਤਰਾ ਏਜੰਟ ਨੌਜਵਾਨਾਂ ਦਾ ਭਵਿੱਖ ਖਰਾਬ ਨਾ ਕਰਨ।
ਅਮਰੀਕਾ 'ਚ ਜਸ਼ਨਪ੍ਰੀਤ ਸਿੰਘ ਨਾਲ ਵਾਪਰੀ ਹਾਦਸੇ ਬਾਰੇ ਗੱਲ ਕਰਦੇ ਹੋਏ ਸਹਨੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ 'ਚ ਤਿੰਨ ਲੋਕਾਂ ਦੀ ਜਾਨ ਚਲੀ ਗਈ, ਪਰ ਇੱਕ ਵਿਅਕਤੀ ਦੀ ਗਲਤੀ ਲਈ ਸਾਰੀ ਸਿੱਖ ਕੌਮ ਨੂੰ ਭੇਦਭਾਵ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਖ਼ਿਲਾਫ਼ ਨਫ਼ਰਤ ਮੁਹਿੰਮ ਨਹੀਂ ਚਲਾਈ ਜਾਣੀ ਚਾਹੀਦੀ।
ਸਹਨੀ ਨੇ ਪੀਟੀਸੀ ਨਿਊਜ਼ ਰਾਹੀਂ ਅਪੀਲ ਕੀਤੀ ਕਿ ਕਿਉਂਕਿ ਪੀਟੀਸੀ ਦਾ ਕੈਨੇਡਾ ਅਤੇ ਅਮਰੀਕਾ ਵਿੱਚ ਮਜ਼ਬੂਤ ਨੈੱਟਵਰਕ ਹੈ, ਇਸ ਲਈ ਉਨ੍ਹਾਂ ਨੂੰ ਪੰਜਾਬੀਆਂ ਦੀਆਂ ਚੰਗੀਆਂ ਕਹਾਣੀਆਂ ਨੂੰ ਵੀ ਉਜਾਗਰ ਕਰਨਾ ਚਾਹੀਦਾ ਹੈ, ਕਿਉਂਕਿ ਅਕਸਰ ਨਕਾਰਾਤਮਕ ਖ਼ਬਰਾਂ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਹੈ, ਜਦਕਿ ਸਕਾਰਾਤਮਕ ਪਾਸੇ ਨੂੰ ਕੋਈ ਨਹੀਂ ਦਿਖਾਉਂਦਾ।
ਸਾਉਦੀ ਅਰਬ 'ਚ ਕਫ਼ਾਲਾ ਸਿਸਟਮ ਖਤਮ ਕੀਤੇ ਜਾਣ ਬਾਰੇ ਗੱਲ ਕਰਦੇ ਹੋਏ ਸਹਨੀ ਨੇ ਇਸ ਦਾ ਸਵਾਗਤ ਕੀਤਾ ਅਤੇ ਓਮਾਨ ਦੇ ਇਕ ਮਾਮਲੇ ਦਾ ਜ਼ਿਕਰ ਕੀਤਾ, ਜਿਥੇ ਲੋਕਾਂ ਨੂੰ ਇਸੇ ਤਰ੍ਹਾਂ ਦੇ ਕਾਨੂੰਨ ਹੇਠ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸਹਨੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਾਉਦੀ ਅਰਬ ਦਾ ਦੌਰਾ ਕੀਤਾ ਤਾਂ ਉਥੇ ਮਹਿਲਾਵਾਂ ਨੂੰ ਗੱਡੀ ਚਲਾਉਣ ਦਾ ਹੱਕ ਮਿਲਿਆ, ਜਿਸ ਨਾਲ ਉਹ ਬਹੁਤ ਖੁਸ਼ ਸਨ। ਉਨ੍ਹਾਂ ਕਿਹਾ ਕਿ ਸਾਉਦੀ ਅਰਬ ਹੌਲੀ-ਹੌਲੀ ਰੁੜ੍ਹੀਵਾਦੀ ਸਮਾਜ ਤੋਂ ਇੱਕ ਪ੍ਰਗਤੀਸ਼ੀਲ ਦੇਸ਼ ਵੱਲ ਬਦਲ ਰਿਹਾ ਹੈ ਤੇ ਹੋਰ ਅਰਬ ਦੇਸ਼ਾਂ ਨੂੰ ਵੀ ਆਪਣੇ ਕਾਨੂੰਨਾਂ 'ਚ ਢਿੱਲ ਦੇਣੀ ਚਾਹੀਦੀ ਹੈ।
- PTC NEWS